ਯੁੱਧ ਕਾਰਨ ਈਂਧਨ ਮਹਿੰਗਾ, ਕਵਾਂਟਸ ਅਤੇ ਐਸਏਐਸ ਨੇ ਕਿਰਾਏ ਵਧਾਉਣ ਦੀ ਸੰਭਾਵਨਾ ਜਤਾਈ
- ਵਿਦੇਸ਼
- (Asia/Kolkata)
ਈਰਾਨ ਵਿੱਚ ਚੱਲ ਰਹੇ ਯੁੱਧ ਦਾ ਪ੍ਰਭਾਵ ਹੁਣ ਆਮ ਯਾਤਰੀਆਂ ਦੀਆਂ ਜੇਬਾਂ ‘ਤੇ ਵੀ ਨਜ਼ਰ ਆਉਣ ਲੱਗਾ ਹੈ। ਕੱਚੇ ਤੇਲ ਅਤੇ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਅਚਾਨਕ ਹੋਏ ਵਾਧੇ ਕਾਰਨ ਦੁਨੀਆ ਦੀਆਂ ਕਈ ਵੱਡੀਆਂ ਏਅਰਲਾਈਨਾਂ ਨੇ ਟਿਕਟਾਂ ਦੇ ਕਿਰਾਏ ਵਧਾ ਦਿੱਤੇ ਹਨ। ਇਸ ਦੌਰਾਨ ਆਸਟ੍ਰੇਲੀਆ ਦੀ ਕਵਾਂਟਸ ਏਅਰਲਾਈਨ ਅਤੇ ਸਕੈਂਡੇਨੇਵੀਆ ਦੀ ਐਸਏਐਸ ਨੇ ਮੰਗਲਵਾਰ ਨੂੰ ਕਿਰਾਏ ਵਿੱਚ ਵਾਧੇ ਦੀ ਸੰਭਾਵਨਾ ਜਤਾਈ ਹੈ। ਏਅਰਲਾਈਨਾਂ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਕਾਰਨ ਈਂਧਨ ਦੀਆਂ ਕੀਮਤਾਂ ਵਿੱਚ ਅਚਾਨਕ ਤੇਜ਼ੀ ਆਈ ਹੈ, ਜਿਸ ਨਾਲ ਉਡਾਣਾਂ ਦਾ ਸੰਚਾਲਨ ਮਹਿੰਗਾ ਹੋ ਗਿਆ ਹੈ। ਜੰਗ ਤੋਂ ਪਹਿਲਾਂ ਜੈੱਟ ਈਂਧਨ ਦੀ ਕੀਮਤ ਲਗਭਗ 85 ਤੋਂ 90 ਡਾਲਰ ਪ੍ਰਤੀ ਬੈਰਲ ਸੀ, ਪਰ ਹੁਣ ਇਹ ਵੱਧ ਕੇ ਕਰੀਬ 150 ਤੋਂ 200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਸ ਵਾਧੇ ਨੇ ਹਵਾਈ ਯਾਤਰਾ ਉਦਯੋਗ ਦੀਆਂ ਲਾਗਤਾਂ ਵਿੱਚ ਵੱਡਾ ਇਜ਼ਾਫ਼ਾ ਕਰ ਦਿੱਤਾ ਹੈ। ਏਅਰਲਾਈਨ ਅਧਿਕਾਰੀਆਂ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿੱਚ ਜੈੱਟ ਫਿਊਲ ਦੀ ਕੀਮਤ ਵਿੱਚ ਖਾਸ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇ ਖਰਚਿਆਂ ਵਿੱਚ ਇਹ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸਦਾ ਕੁਝ ਭਾਰ ਯਾਤਰੀਆਂ ‘ਤੇ ਵੀ ਪੈ ਸਕਦਾ ਹੈ। ਇਸ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਹਵਾਈ ਯਾਤਰਾ ਹੋਰ ਮਹਿੰਗੀ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਮੱਧ ਪੂਰਬ ਵਿੱਚ ਤਣਾਅ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਹਵਾਈ ਯਾਤਰਾ ਦੇ ਕਿਰਾਏ ਹੋਰ ਵਧ ਸਕਦੇ ਹਨ। ਹਾਲਾਂਕਿ ਕਵਾਂਟਸ ਏਅਰਲਾਈਨ ਵੱਲੋਂ ਅਜੇ ਤੱਕ ਕਿਰਾਏ ਵਧਾਉਣ ਦੀ ਕੋਈ ਅਧਿਕਾਰਿਕ ਤਾਰੀਖ ਜਾਂ ਦਰ ਜਾਰੀ ਨਹੀਂ ਕੀਤੀ ਗਈ। ਕੰਪਨੀ ਮੌਜੂਦਾ ਸਥਿਤੀ ਦੀ ਸਮੀਖਿਆ ਕਰ ਰਹੀ ਹੈ ਅਤੇ ਮਾਰਕੀਟ ਹਾਲਾਤਾਂ ਦੇ ਆਧਾਰ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।
Leave a Reply