ਪੈਟਰੋਲ ਸੰਕਟ ਦੀਆਂ ਅਫ਼ਵਾਹਾਂ ਵਿਚਕਾਰ ਡੀ.ਸੀ. ਨਿਸ਼ਾਂਤ ਯਾਦਵ ਦਾ ਸਪੱਸ਼ਟੀਕਰਨ

ਪੈਟਰੋਲ ਸੰਕਟ ਦੀਆਂ ਅਫ਼ਵਾਹਾਂ ਵਿਚਕਾਰ ਡੀ.ਸੀ. ਨਿਸ਼ਾਂਤ ਯਾਦਵ ਦਾ ਸਪੱਸ਼ਟੀਕਰਨ

ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਲਿਮਟ ਲਗਾਉਣ ਸਬੰਧੀ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਹੜਕੰਪ ਮਚ ਗਿਆ। ਸੈਕਟਰ-17 ਦੇ ਇੱਕ ਪੈਟਰੋਲ ਪੰਪ ‘ਤੇ ਲੱਗੇ ਨੋਟਿਸ ਵਿੱਚ ਟੂ-ਵ੍ਹੀਲਰਾਂ ਲਈ ₹500 ਅਤੇ ਫੋਰ-ਵ੍ਹੀਲਰਾਂ ਲਈ ₹1500 ਦੀ ਸੀਮਾ ਦਰਸਾਈ ਗਈ ਸੀ। ਪੋਸਟਰ ਦੇ ਸਾਹਮਣੇ ਆਉਂਦੇ ਹੀ ਸ਼ਹਿਰ ਵਿੱਚ ਪੈਟਰੋਲ ਸੰਕਟ ਅਤੇ ਸਪਲਾਈ ਘੱਟ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ। ਕਈ ਲੋਕਾਂ ਨੇ ਇਸਨੂੰ ਇੰਧਨ ਦੀ ਕਮੀ ਨਾਲ ਜੋੜ ਕੇ ਦੇਖਿਆ, ਜਿਸ ਕਾਰਨ ਮਾਹੌਲ ਵਿੱਚ ਚਿੰਤਾ ਵਧ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਏ। ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਤ ਲਿਮਟ ਜਾਂ ਪਾਬੰਦੀ ਲਾਗੂ ਨਹੀਂ ਕੀਤੀ ਗਈ ਹੈ। ਡੀ.ਸੀ. ਨਿਸ਼ਾਂਤ ਯਾਦਵ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਪੂਰੀ ਉਪਲਬਧਤਾ ਹੈ। ਉਨ੍ਹਾਂ ਦੱਸਿਆ ਕਿ ਆਇਲ ਮਾਰਕੀਟਿੰਗ ਕੰਪਨੀਆਂ ਨੇ ਵੀ ਲੋੜੀਂਦੇ ਸਟਾਕ ਦੀ ਪੁਸ਼ਟੀ ਕੀਤੀ ਹੈ ਅਤੇ ਸਪਲਾਈ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਆਮ ਤਰੀਕੇ ਨਾਲ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਬਿਨਾਂ ਘਬਰਾਹਟ ਦੇ ਆਮ ਤਰੀਕੇ ਨਾਲ ਇੰਧਨ ਦੀ ਖਰੀਦ ਕਰਨ ਦੀ ਅਪੀਲ ਕੀਤੀ ਹੈ।