ਮੁਲਾਜ਼ਮਾਂ ਦੀ ਹਾਜ਼ਰੀ ਨਾ ਲਗਾਉਣ ਦੇ ਹੁਕਮਾਂ ਦੇ ਵਿਰੋਧ ਵਿੱਚ ਡੀਈਓ ਦਫ਼ਤਰ ਦੇ ਬਾਹਰ ਧਰਨਾ

ਮੁਲਾਜ਼ਮਾਂ ਦੀ ਹਾਜ਼ਰੀ ਨਾ ਲਗਾਉਣ ਦੇ ਹੁਕਮਾਂ ਦੇ ਵਿਰੋਧ ਵਿੱਚ ਡੀਈਓ ਦਫ਼ਤਰ ਦੇ ਬਾਹਰ ਧਰਨਾ

ਗੁਰਦਾਸਪੁਰ: ਦਫ਼ਤਰੀ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਸੂਬੇ ਦੇ ਕੁਝ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਉਨ੍ਹਾਂ ਦੀ ਹਾਜ਼ਰੀ ਨਾ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਵਧ ਗਿਆ ਹੈ। ਮੰਗਲਵਾਰ ਨੂੰ ਮੁਲਾਜ਼ਮਾਂ ਨੇ ਹਾਜ਼ਰੀ ਬੰਦ ਕਰਨ ਵਾਲੇ ਅਧਿਕਾਰੀਆਂ ਦੇ ਵਿਰੋਧ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਦਫ਼ਤਰ ਵਿੱਚ ਹਾਜ਼ਰ ਮੁਲਾਜ਼ਮਾਂ ਦੀ ਹਾਜ਼ਰੀ ਨਾ ਲਾਈ ਗਈ ਤਾਂ ਮੁਲਾਜ਼ਮ ਦਫਤਰਾਂ ਦੇ ਗੇਟਾਂ ਨੂੰ ਬੰਦ ਕਰਕੇ ਰੋਸ ਪ੍ਰਦਸ਼ਨ ਕਰਨਗੇ। ਆਗੂਆਂ ਨੇ ਕਿਹਾ ਕਿ 26 ਦਸੰਬਰ ਨੂੰ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਸਨ ਪਰ ਸਿੱਖਿਆ ਵਿਭਾਗ ਦੇ ਕੁਝ ਜ਼ਿਲ੍ਹਾ ਅਧਿਕਾਰੀ ਸਰਕਾਰ ਦੇ ਕਿਸੇ ਵੀ ਆਦੇਸ਼ ਤੋਂ ਬਿਨਾਂ ਹਾਜ਼ਰ ਮੁਲਾਜ਼ਮਾਂ ਨੂੰ ਹਾਜ਼ਰੀ ਲਗਾਉਣ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 21 ਅਪ੍ਰੈਲ 2022 ਨੂੰ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ 14 ਮਾਰਚ 2024 ਨੂੰ ਕੈਬਨਿਟ ਸਬ ਕਮੇਟੀ ਦੀ ਸਹਿਮਤੀ ਦਿੱਤੀ ਸੀ ਅਤੇ 14 ਮਾਰਚ ਦੀ ਮੀਟਿੰਗ ਵਿੱਚ ਵਿੰਤ ਮੰਤਰੀ ਦੇ ਹੁਕਮਾਂ ਅਨੁਸਾਰ ਇਸ ਸਬੰਧੀ ਹਲਫ਼ਨਾਮਾ ਵੀ ਦਿੱਤਾ ਗਿਆ ਸੀ। ਜਥੇਬੰਦੀ ਦੀ ਤਰਫੋਂ ਡੀਜੀਐੱਸਈ ਨੂੰ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਪ੍ਰੈਸ ਬਿਆਨ ਜਾਰੀ ਕਰਦਿਆਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਨੀਤੂ ਅੱਤਰੀ, ਧੀਰਜ ਪੁਰੀ ਅਤੇ ਰਾਜਦੀਪ ਕੌਰ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਐਲਾਨ ਕੀਤਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੈ ਪਰ ਕੁਝ ਅਧਿਕਾਰੀ ਜਾਣਬੁੱਝ ਕੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਸ ਕਾਰਨ ਮੁਲਾਜ਼ਮ 9 ਜਨਵਰੀ ਨੂੰ ਸਿੱਖਿਆ ਭਵਨ ਮੁਹਾਲੀ ਦੇ ਬਾਹਰ ਇਕੱਠੇ ਹੋ ਕੇ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨਗੇ। ਇਸ ਮੌਕੇ ਅਸ਼ਵਨੀ ਫੱਜੂਪੁਰ, ਕੁਲਦੀਪ ਅਤੇ ਰਜਿੰਦਰ ਕੁਮਾਰ ਐਲੀਮੈਂਟਰੀ ਟੀਚਰ ਯੂਨੀਅਨ ਵੀ ਹਾਜ਼ਰ ਸਨ।