ਮੁੱਖ ਖੇਤੀਬਾੜੀ ਅਫਸਰ ਸੰਗਰੂਰ ਨੇ ਖਾਦ ਡੀਲਰਾਂ ਨਾਲ ਕੀਤੀ ਮੀਟਿੰਗ

ਮੁੱਖ ਖੇਤੀਬਾੜੀ ਅਫਸਰ ਸੰਗਰੂਰ ਨੇ ਖਾਦ ਡੀਲਰਾਂ ਨਾਲ ਕੀਤੀ ਮੀਟਿੰਗ

ਕਿਹਾ- ਟੈਗਿੰਗ ਜਾਂ ਵੱਧ ਰੇਟ 'ਤੇ ਖਾਦ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
 

(ਜਗਸੀਰ ਸਿੰਘ)-ਹਾੜ੍ਹੀ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਧਾਰਤ ਰੇਟ ਅਤੇ ਸਮੇਂ ਸਿਰ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਡਾ ਹਰਬੰਸ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਸੰਗਰੂਰ ਵੱਲੋਂ ਬਲਾਕ ਲਹਿਰਾਗਾਗਾ ਦੇ ਸਮੂਹ ਖਾਦ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਵੱਲੋ ਸਮੂਹ ਖਾਦ ਵਿਕਰੇਤਾਵਾਂ ਨੂੰ ਖਾਦ ਦੀ ਵੰਡ ਸੁੱਚਜੇ ਢੰਗ ਨਾਲ ਕਰਨ, ਨਿਰਧਾਰਤ ਰੇਟ ਤੇ ਵਿਕਰੀ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰਨ ਦੀ ਸਖਤ ਸ਼ਬਦਾਂ ਵਿਚ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਦੀ ਵਿਕਰੀ ਨਿਰਧਾਰਤ ਮੁੱਲ ਅਤੇ ਬਿਨਾਂ ਕਿਸੇ ਟੈਗਿੰਗ ਦੇ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਗਿੰਗ ਜਾਂ ਵੱਧ ਰੇਟ ਤੇ ਖਾਦ ਦੀ ਵਿਕਰੀ ਕਰਨ ਵਾਲੇ ਖਾਦ ਵਿਕਰੇਤਾ ਵਿਰੁੱਧ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ ਇੰਦਰਜੀਤ ਸਿੰਘ ਭੱਟੀ, ਬਲਾਕ ਖੇਤੀਬਾੜੀ ਅਫਸਰ, ਲਹਿਰਾਗਾਗਾ ਵੱਲੋ ਵੀ ਡੀਲਰਾਂ ਨੂੰ ਆਪਣੇ ਲਾਇਸੈਂਸ ਅਤੇ ਹੋਰ ਲੋੜੀਂਦੇ ਦਸਤਾਵੇਜ਼ ਹਰ ਸਮੇਂ ਮੁਕੰਮਲ ਰੱਖਣ, ਸਟਾਕ ਬੋਰਡ 'ਤੇ ਰੋਜ਼ਾਨਾ ਖਾਦ ਦਾ ਸਟਾਕ ਦਰਜ ਕਰਨ ਅਤੇ ਕਿਸਾਨਾਂ ਨੂੰ ਵੇਚੀ ਜਾਣ ਵਾਲੀ ਹਰ ਖੇਤੀ ਸਮੱਗਰੀ ਦਾ ਪੱਕਾ ਬਿੱਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। 
 

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਡਾ ਸਵਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇਨਫੋ.) ਅਤੇ ਡਾ ਨਰਿੰਦਰਪਾਲ ਸਿੰਘ,ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਸਮੂਹ ਡੀਲਰਾਂ ਨੂੰ ਈ-ਐਗਰੀ ਸਰਵਿਸ ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਸਮੇਂ ਸਮੇਂ ਉੱਪਰ ਖਾਦ, ਬੀਜ ਅਤੇ ਦਵਾਈਆਂ ਦੇ ਪ੍ਰੋਡਕਟ ਆਪਣੇ ਲਾਇਸੈਂਸਾਂ ਵਿੱਚ ਦਰਜ ਕਰਵਾਏ ਜਾ ਸਕਣ। ਇਸ ਮੀਟਿੰਗ ਦੌਰਾਨ ਡਾ ਲਵਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਲਹਿਰਗਾਗਾ ਅਤੇ ਡਾ ਗਗਨਦੀਪ ਖੇਤੀਬਾੜੀ ਵਿਕਾਸ ਅਫਸਰ, ਲਹਿਰਗਾਗਾ ਵੀ ਮੌਜੂਦ ਸਨ।