ਸ੍ਰੀ ਹਰਿਮੰਦਰ ਸਾਹਿਬ ’ਚ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੇ ਦਾਅਵੇ ਰੱਦ
- ਪੰਜਾਬ
- 20 May,2025

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਤੋਂ ਬਾਅਦ ਭਾਰਤੀ ਫੌਜ ਨੇ ਬੀਤੇ ਦਿਨ ਖੁਲਾਸਾ ਕੀਤਾ ਸੀ ਕਿ ਪਾਕਿਸਤਾਨੀ ਫ਼ੌਜ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇੱਥੇ ਭਾਰਤੀ ਫ਼ੌਜ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾ ਤੈਨਾਤ ਕੀਤੀਆਂ ਗਈਆਂ ਸਨ।
ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਨੇ ਬੀਤੇ ਦਿਨ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫ਼ੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਦਾਅਵਾ ਕੀਤਾ ਗਿਆ ਸੀ।
ਇਸ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪਰ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ, ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜ਼ਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਹੈੱਡ ਗ੍ਰੰਥੀ ਵੱਲੋਂ ਫ਼ੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਇਸ ਪਾਵਨ ਅਸਥਾਨ ’ਤੇ ਤੈਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ, ਅਖੰਡ ਪਾਠ ਵਾਲੇ ਅਸਥਾਨ ਅਤੇ ਹੋਰ ਸਬੰਧਿਤ ਗੁਰੂ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ, ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।
ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਬਣੇ ਹਾਲਾਤ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ।
ਵਧੀਕ ਹੈੱਡ ਗ੍ਰੰਥੀ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰ ਅਜਿਹਾ ਕਹਿਣਾ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਵਧੀਕ ਮੁੱਖ ਗ੍ਰੰਥੀ ਵਜੋਂ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।
#HarmandirSahib #GoldenTemple #SGPC #SecurityRumors #FakeNewsAlert #SikhHeritage #ReligiousFreedom #PunjabNews
Posted By:

Leave a Reply