ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜਾ ਦੇਣ ਦੀ ਮੰਗ, ਲੰਬਰਦਾਰ ਯੂਨੀਅਨ ਨੇ ਕੀਤਾ ਫੈਸਲਾ
- ਪੰਜਾਬ
- (Asia/Kolkata)
ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਇੱਕ ਅਹਿਮ ਬੈਠਕ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਬੈਠਕ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ। ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪਿੰਡਾਂ ਨਾਲ ਜੁੜੇ ਨੁਮਾਇੰਦਗੀ ਅਤੇ ਵਿਕਾਸ ਸੰਬੰਧੀ ਕਈ ਮਹੱਤਵਪੂਰਨ ਮਸਲੇ ਚਰਚਾ ਵਿੱਚ ਲਿਆਂਦੇ ਗਏ। ਯੂਨੀਅਨ ਨੇ ਕਿਹਾ ਕਿ ਪੰਚਾਇਤਾਂ ਦੀ ਗੈਰ-ਮੌਜੂਦਗੀ ਕਾਰਨ ਪਿੰਡਾਂ ਦੇ ਮਸਲੇ ਢੰਗ ਨਾਲ ਸਾਹਮਣੇ ਨਹੀਂ ਆ ਰਹੇ। ਇਸ ਲਈ ਰਾਜਪਾਲ ਦੀ ਸਲਾਹਕਾਰ ਕੌਂਸਲ ਵਿੱਚ ਚੰਡੀਗੜ੍ਹ ਦੇ ਉੱਤਰ, ਪੂਰਬ, ਪੱਛਮ ਅਤੇ ਦੱਖਣ ਖੇਤਰਾਂ ਵਿੱਚੋਂ ਇੱਕ-ਇੱਕ ਲੰਬਰਦਾਰ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਪਿੰਡਾਂ ਦੀ ਸਹੀ ਨੁਮਾਇੰਦਗੀ ਯਕੀਨੀ ਬਣ ਸਕੇ। ਇਸ ਤੋਂ ਇਲਾਵਾ, ਯੂਨੀਅਨ ਨੇ ਪਿੰਡਾਂ ਦੇ ਮੁੱਦਿਆਂ ਨੂੰ ਉਭਾਰਨ ਲਈ ਪਿੰਡ ਵਿਕਾਸ ਸਲਾਹਕਾਰ ਕਮੇਟੀ ਬਣਾਉਣ ਦੀ ਮੰਗ ਕੀਤੀ। ਇਸ ਕਮੇਟੀ ਵਿੱਚ ਹਰ ਪਿੰਡ ਦੇ ਲੰਬਰਦਾਰ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ। ਨਾਲ ਹੀ, ਨਾਮਜ਼ਦ ਪਾਰਸ਼ਦਾਂ ਵਿੱਚ ਚਾਰ ਲੰਬਰਦਾਰਾਂ ਨੂੰ ਸ਼ਾਮਲ ਕਰਨ ਦੀ ਵੀ ਮੰਗ ਰੱਖੀ ਗਈ, ਤਾਂ ਜੋ ਪਿੰਡਾਂ ਦੇ ਮਸਲੇ ਲਈ ਮਜ਼ਬੂਤ ਮੰਚ ਤਿਆਰ ਕੀਤਾ ਜਾ ਸਕੇ। ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਅਤੇ ਇਸਨੂੰ 1 ਨਵੰਬਰ 1966 ਦੇ ਦਰਜੇ ਦੇ ਬਰਾਬਰ ਬਹਾਲ ਕਰਨ ਦੀ ਮੰਗ ਵੀ ਉੱਠੀ। ਬੈਠਕ ਦੇ ਅੰਤ ਵਿੱਚ ਇਹ ਫੈਸਲਾ ਲਿਆ ਗਿਆ ਕਿ ਯੂਨੀਅਨ ਆਪਣੀਆਂ ਸਾਰੀਆਂ ਮੰਗਾਂ ਸੰਬੰਧਿਤ ਅਧਿਕਾਰੀਆਂ ਅੱਗੇ ਰੱਖੇਗੀ। ਇਸ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਇੱਕ ਮੈਮੋਰੰਡਮ ਵੀ ਸੌਂਪਿਆ ਜਾਵੇਗਾ। ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਲੰਬਰਦਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਰੁਲਦਾ ਸਿੰਘ (ਅਟਾਵਾ), ਰਾਜਿੰਦਰ ਸਿੰਘ (ਬਡਹੇੜੀ), ਕਮਲਜੀਤ ਸਿੰਘ (ਬੈਰ ਮਾਜਰਾ), ਗੁਰਬਚਨ ਸਿੰਘ (ਬਹਲਾਣਾ), ਗੁਲਾਬ ਸਿੰਘ, ਪ੍ਰਹਲਾਦ ਸਿੰਘ, ਬਲਜਿੰਦਰ ਸਿੰਘ, ਬਬਲਾ ਸਿੰਘ, ਬਲਦੇਵ ਸਿੰਘ, ਸੁਸ਼ੀਲ ਕੁਮਾਰ (ਸਾਰੇ ਬੁਰੈਲ), ਅਮਨਜੋਤ ਕੌਰ (ਬਟੇਰਲਾ), ਦਲਬੀਰ ਸਿੰਘ (ਦਰਿਆ), ਜੈ ਪ੍ਰਕਾਸ਼ (ਦਾਦੂ ਮਾਜਰਾ), ਨਾਥ ਸਿੰਘ (ਖੁੱਡਾ ਅਲੀਸ਼ੇਰ), ਫਤਿਹ ਸਿੰਘ, ਮਨਜੀਤ ਸਿੰਘ, ਰਣਦੀਪ ਸਿੰਘ (ਮਨੀਮਾਜਰਾ), ਰਾਜ ਕੁਮਾਰ, ਬਲਵਿੰਦਰ ਸਿੰਘ (ਮਲੋਇਆ), ਬਲਵਿੰਦਰ ਸਿੰਘ (ਮੌਲੀ ਜਾਗਰਾਂ), ਦਲਜੀਤ ਸਿੰਘ (ਪਲਸੋਰਾ), ਨਛੱਤਰ ਸਿੰਘ (ਰਾਇਪੁਰ ਖੁਰਦ), ਗੁਰਦੀਪ ਸਿੰਘ (ਰਾਇਪੁਰ ਕਲਾਂ), ਲਖਮੀਰ ਸਿੰਘ (ਸਾਰੰਗਪੁਰ) ਅਤੇ ਕਪਤਾਨ ਸਿੰਘ (ਹੱਲੋਮਾਜਰਾ) ਸ਼ਾਮਲ ਸਨ।
Leave a Reply