ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਫੇਲ੍ਹ ਹੋਇਆ ਹਾਈਡ੍ਰੌਲਿਕ ਸਿਸਟਮ, 300 ਫੁੱਟ ਹੇਠਾਂ ਡਿੱਗਿਆ ਸੀ ਜਹਾਜ਼
- ਦੇਸ਼
- (Asia/Kolkata)
ਏਅਰ ਇੰਡੀਆ ਦੀ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆ ਰਹੀ ਉਡਾਣ AI2379 ਨਾਲ ਜੁੜੇ ਮਾਮਲੇ ਵਿੱਚ ਕਈ ਗੰਭੀਰ ਤਕਨੀਕੀ ਖ਼ਰਾਬੀਆਂ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਮੁਤਾਬਕ ਉਡਾਣ ਦੌਰਾਨ ਜਹਾਜ਼ ਦਾ ਹਾਈਡ੍ਰੌਲਿਕ ਸਿਸਟਮ ਤਿੰਨ ਵਾਰ ਫੇਲ੍ਹ ਹੋਇਆ, ਜਦਕਿ ਆਟੋ ਪਾਇਲਟ ਮੋਡ ਵੀ ਅਚਾਨਕ ਡਿਸਕੁਨੈਕਟ ਹੋ ਗਿਆ ਸੀ। ਸੂਤਰਾਂ ਅਨੁਸਾਰ ਇਸ ਖ਼ਤਰਨਾਕ ਸਥਿਤੀ ਤੋਂ ਤੁਰੰਤ ਬਾਅਦ ਕੋ-ਪਾਇਲਟ ਨੇ ਮੈਨੂਅਲ ਤਰੀਕੇ ਨਾਲ ਜਹਾਜ਼ ਦਾ ਕੰਟਰੋਲ ਸੰਭਾਲ ਲਿਆ। ਇਸ ਦੌਰਾਨ ਜਹਾਜ਼ ਦੇ ਕਈ ਇੰਡੀਕੇਟਰ ਸਵਿੱਚ ਵੀ ਕੁਝ ਸਮੇਂ ਲਈ ਬੰਦ ਹੋ ਗਏ ਸਨ। ਤਕਨੀਕੀ ਖ਼ਰਾਬੀਆਂ ਕਾਰਨ ਜਹਾਜ਼ ਨੂੰ ਹਵਾ ਵਿੱਚ ਜ਼ੋਰਦਾਰ ਝਟਕੇ ਲੱਗੇ ਅਤੇ ਇਹ ਅਚਾਨਕ ਲਗਪਗ 300 ਫੁੱਟ ਹੇਠਾਂ ਵੱਲ ਡਿੱਗ ਗਿਆ ਸੀ। ਹਾਲਾਂਕਿ ਪਾਇਲਟਾਂ ਨੇ ਸਥਿਤੀ ਨੂੰ ਕਾਬੂ ਕਰਦਿਆਂ ਜਹਾਜ਼ ਨੂੰ ਮੁੜ ਸੰਤੁਲਿਤ ਕਰ ਲਿਆ ਅਤੇ ਬਾਅਦ ਵਿੱਚ ਇਸ ਨੂੰ ਦਿੱਲੀ ਵਿੱਚ ਸੁਰੱਖਿਅਤ ਉਤਾਰਿਆ ਗਿਆ। ਇਹ ਘਟਨਾ 4 ਅਗਸਤ ਨੂੰ ਏਅਰਬੱਸ A320 ਜਹਾਜ਼ (VT-EXO) ਰਾਹੀਂ ਚਲਾਈ ਜਾ ਰਹੀ ਫੁਕੇਤ-ਦਿੱਲੀ ਉਡਾਣ ਦੌਰਾਨ ਵਾਪਰੀ ਸੀ। Airbus ਅਤੇ ਫਰਾਂਸੀਸੀ ਏਜੰਸੀ ਦੀ ਟੀਮ ਕਰੇਗੀ ਮਦਦ ਮਾਮਲੇ ਦੀ ਜਾਂਚ ਵਿੱਚ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਦੀ ਮਦਦ ਲਈ ਫਰਾਂਸ ਦੀ ਜਹਾਜ਼ ਹਾਦਸਾ ਜਾਂਚ ਏਜੰਸੀ BEA ਅਤੇ ਜਹਾਜ਼ ਨਿਰਮਾਤਾ ਕੰਪਨੀ Airbus ਦੀਆਂ ਟੀਮਾਂ ਭਾਰਤ ਆ ਰਹੀਆਂ ਹਨ। ਸੂਤਰਾਂ ਮੁਤਾਬਕ ਦੋਵੇਂ ਟੀਮਾਂ ਮੰਗਲਵਾਰ ਨੂੰ ਦਿੱਲੀ ਪਹੁੰਚਣਗੀਆਂ। Airbus ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਵੱਲੋਂ ਜਾਂਚ ਵਿੱਚ ਸਹਾਇਤਾ ਲਈ ਮਾਹਰਾਂ ਦੀ ਟੀਮ ਭੇਜੀ ਜਾ ਰਹੀ ਹੈ। ਕੰਪਨੀ ICAO ਦੇ ਨਿਯਮਾਂ ਅਨੁਸਾਰ ਸਬੰਧਤ ਜਾਂਚ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਦੇ ਰਹੀ ਹੈ ਅਤੇ ਏਅਰਲਾਈਨ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਹੋਰ ਜਾਣਕਾਰੀ ਮਿਲਣ ’ਤੇ ਉਸ ਨੂੰ ਸਾਂਝਾ ਕਰਨ ਦੀ ਗੱਲ ਵੀ ਕਹੀ ਗਈ ਹੈ। 17 ਯਾਤਰੀ ਅਤੇ ਅਮਲੇ ਦੇ ਮੈਂਬਰ ਹੋਏ ਸਨ ਜ਼ਖ਼ਮੀ AI2379 ਉਡਾਣ ਵਿੱਚ ਤਿੰਨ ਬੱਚਿਆਂ ਸਮੇਤ ਕੁੱਲ 137 ਯਾਤਰੀ ਅਤੇ ਅਮਲੇ ਦੇ ਅੱਠ ਮੈਂਬਰ ਸਵਾਰ ਸਨ। ਉਡਾਣ ਦੌਰਾਨ ਵਾਪਰੀ ਘਟਨਾ ਅਤੇ ਟਰਬੂਲੈਂਸ ਕਾਰਨ ਕੁੱਲ 17 ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ ਵਿੱਚ ਕੁਝ ਯਾਤਰੀ ਅਤੇ ਕੈਬਿਨ ਅਮਲੇ ਦੇ ਮੈਂਬਰ ਸ਼ਾਮਲ ਸਨ। ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਤਹਿਤ ਇਸ ਘਟਨਾ ਦੀ ਜਾਂਚ AAIB ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਦਾ ਉਦੇਸ਼ ਉਡਾਣ ਦੌਰਾਨ ਆਈਆਂ ਤਕਨੀਕੀ ਖ਼ਰਾਬੀਆਂ ਅਤੇ ਜਹਾਜ਼ ਦੇ ਅਚਾਨਕ ਹੇਠਾਂ ਡਿੱਗਣ ਦੇ ਕਾਰਨਾਂ ਦੀ ਪੜਤਾਲ ਕਰਨਾ ਹੈ।
Leave a Reply