ਬਿਸ਼ਨੋਈ ਗੈਂਗ ਦੇ ਨਾਂ 'ਤੇ 1.5 ਲੱਖ ਡਾਲਰ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਵਿਨੀਪੈਗ ਤੋਂ ਨੌਜਵਾਨ ਗ੍ਰਿਫ਼ਤਾਰ
- ਵਿਦੇਸ਼
- (Asia/Kolkata)
ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਕਿੰਗਜ਼ ਬੈਂਚ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਰਾਹੀਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਿਨੀਪੈਗ ਦੇ 36 ਸਾਲਾ ਅਰਸ਼ਦੀਪ ਸਿੰਘ ਬਰਾੜ 'ਤੇ ਭਾਰਤ-ਅਧਾਰਿਤ ਅਪਰਾਧਿਕ ਸੰਗਠਨ ‘ਬਿਸ਼ਨੋਈ ਗੈਂਗ’ ਦੇ ਨਾਂ 'ਤੇ ਸਥਾਨਕ ਦੱਖਣੀ ਏਸ਼ੀਆਈ ਮੂਲ ਦੇ ਇੱਕ ਵਿਅਕਤੀ ਤੋਂ 1.5 ਲੱਖ ਕੈਨੇਡੀਅਨ ਡਾਲਰ (ਕਰੀਬ 90 ਲੱਖ ਰੁਪਏ) ਦੀ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਦਸਤਾਵੇਜ਼ਾਂ ਮੁਤਾਬਕ, ਕੈਨੇਡਾ ਸਰਕਾਰ ਨੇ ਸਤੰਬਰ 2025 ਵਿੱਚ ਬਿਸ਼ਨੋਈ ਗੈਂਗ ਨੂੰ ਅਤਿਵਾਦੀ ਇਕਾਈ ਵਜੋਂ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਮੈਨੀਟੋਬਾ ਵਿੱਚ ਇਸ ਨੈੱਟਵਰਕ ਨਾਲ ਜੋੜਿਆ ਗਿਆ ਇਹ ਪਹਿਲਾ ਵੱਡਾ ਮਾਮਲਾ ਮੰਨਿਆ ਜਾ ਰਿਹਾ ਹੈ। ਅਦਾਲਤੀ ਰਿਕਾਰਡ ਅਨੁਸਾਰ, 14 ਫਰਵਰੀ 2026 ਨੂੰ ਮੁਲਜ਼ਮ ਨੇ ਇੱਕ ਪੇ-ਫ਼ੋਨ ਰਾਹੀਂ ਪੀੜਤ ਨੂੰ 28 ਸਕਿੰਟ ਦੀ ਕਾਲ ਕੀਤੀ। ਦੋਸ਼ ਹੈ ਕਿ ਕਾਲ ਦੌਰਾਨ ਉਸ ਨੇ ਆਪਣੇ ਆਪ ਨੂੰ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਿਆਂ ਪੀੜਤ ਦੇ ਪਰਿਵਾਰ, ਬੱਚਿਆਂ ਅਤੇ ਭਾਰਤ ਵਿੱਚ ਰਹਿੰਦੇ ਉਸ ਦੇ ਭਰਾ ਬਾਰੇ ਨਿੱਜੀ ਜਾਣਕਾਰੀ ਹੋਣ ਦਾ ਦਾਅਵਾ ਕੀਤਾ। ਨਾਲ ਹੀ ਧਮਕੀ ਦਿੱਤੀ ਕਿ ਜੇਕਰ ਮੰਗੀ ਗਈ ਰਕਮ ਨਾ ਦਿੱਤੀ ਗਈ ਤਾਂ ਕੈਨੇਡਾ ਵਿੱਚ ਗੋਲੀਬਾਰੀ ਕਰਵਾ ਦਿੱਤੀ ਜਾਵੇਗੀ, ਕਿਉਂਕਿ ਉੱਥੇ ਸ਼ੂਟਰ ਲੱਭਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਕਾਲ ਤੋਂ ਬਾਅਦ ਪੀੜਤ ਨੂੰ ਹਿੰਦੀ ਵਿੱਚ ਲਿਖਿਆ ਇੱਕ ਪੱਤਰ ਵੀ ਮਿਲਿਆ, ਜਿਸ ਵਿੱਚ ਰਕਮ ਟਰਾਂਸ-ਕੈਨੇਡਾ ਹਾਈਵੇਅ ਨੇੜੇ ਪੋਰਟੇਜ ਲਾ ਪ੍ਰੇਰੀ ਕੋਲ ਨਿਰਧਾਰਿਤ ਪੱਥਰਾਂ ਦੇ ਪਿੱਛੇ ਰੱਖਣ ਲਈ ਕਿਹਾ ਗਿਆ ਸੀ। ਪੱਤਰ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਜਾਂ ਰਕਮ ਦੇਣ ਵਿੱਚ ਦੇਰੀ ਕੀਤੀ ਗਈ ਤਾਂ ਮੰਗੀ ਗਈ ਰਕਮ ਦੁੱਗਣੀ ਕਰ ਦਿੱਤੀ ਜਾਵੇਗੀ। ਪੀੜਤ ਨੇ ਘਬਰਾਉਣ ਦੀ ਬਜਾਏ ਵਿਨੀਪੈਗ ਪੁਲੀਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਗੁਪਤ ਸਟਿੰਗ ਆਪ੍ਰੇਸ਼ਨ ਤਹਿਤ ਨਕਲੀ ਨੋਟਾਂ ਦਾ ਇੱਕ ਪੈਕੇਜ ਤਿਆਰ ਕਰਕੇ 2 ਮਾਰਚ ਨੂੰ ਦੱਸੀ ਗਈ ਥਾਂ 'ਤੇ ਰੱਖ ਦਿੱਤਾ। ਦੋਸ਼ ਹੈ ਕਿ ਜਿਵੇਂ ਹੀ ਅਰਸ਼ਦੀਪ ਸਿੰਘ ਬਰਾੜ ਆਪਣੇ ਟਰੱਕ ਨਾਲ ਉੱਥੇ ਪਹੁੰਚਿਆ ਅਤੇ ਪੈਕੇਜ ਚੁੱਕਿਆ, ਪੁਲੀਸ ਨੇ ਹੈਡਿੰਗਲੀ ਨੇੜੇ ਉਸ ਨੂੰ ਘੇਰ ਕੇ ਗ੍ਰਿਫ਼ਤਾਰ ਕਰ ਲਿਆ। ਵੀਡੀਓ ਰਿਕਾਰਡ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ 'ਤੇ ਮੰਨਿਆ ਕਿ ਉਸ ਨੇ ਇਹ ਕਾਰਵਾਈ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਦੇ ਕਹਿਣ 'ਤੇ ਕੀਤੀ ਸੀ। ਮਾਮਲਾ ਇਸ ਵੇਲੇ ਮੈਨੀਟੋਬਾ ਦੇ ਡਾਇਰੈਕਟਰ ਆਫ਼ ਕ੍ਰਿਮਿਨਲ ਪ੍ਰਾਪਰਟੀ ਫੋਰਫਿਚਰ ਵੱਲੋਂ ਅਦਾਲਤ ਵਿੱਚ ਲਿਆਂਦਾ ਗਿਆ ਹੈ। ਇਸ ਅਰਜ਼ੀ ਵਿੱਚ ਅਪਰਾਧ ਵਿੱਚ ਵਰਤੇ ਗਏ ਟਰੱਕ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਅਦਾਲਤ ਵਿੱਚ ਲਗਾਏ ਗਏ ਇਹ ਦੋਸ਼ ਅਜੇ ਸਾਬਤ ਹੋਣੇ ਬਾਕੀ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਲਈ ਨਿਰਧਾਰਤ ਕੀਤੀ ਗਈ ਹੈ। ਕੈਨੇਡੀਅਨ ਸੰਘੀ ਸਰਕਾਰ ਦੇ ਅਨੁਸਾਰ, ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ, ਜਿਸ 'ਤੇ ਕੈਨੇਡਾ ਵਿੱਚ ਰਹਿ ਰਹੇ ਦੱਖਣੀ ਏਸ਼ੀਆਈ ਭਾਈਚਾਰੇ, ਕਾਰੋਬਾਰੀਆਂ ਅਤੇ ਸਭਿਆਚਾਰਕ ਹਸਤੀਆਂ ਨੂੰ ਨਿਸ਼ਾਨਾ ਬਣਾ ਕੇ ਜਬਰਨ ਵਸੂਲੀ, ਗੋਲੀਬਾਰੀ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹਨ। ਇਸ ਮਾਮਲੇ ਬਾਰੇ ਆਰਸੀਐਮਪੀ ਅਤੇ ਵਿਨੀਪੈਗ ਪੁਲੀਸ ਨਾਲ ਸੰਪਰਕ ਕਰਨ 'ਤੇ ਦੋਵੇਂ ਏਜੰਸੀਆਂ ਨੇ ਸੰਗਠਿਤ ਅਪਰਾਧਿਕ ਗਰੁੱਪਾਂ ਦੀਆਂ ਸਰਗਰਮੀਆਂ ਸਬੰਧੀ ਕੋਈ ਅਧਿਕਾਰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਸੰਬੰਧਤ ਏਜੰਸੀ ਨੇ ਚੇਤਾਵਨੀ ਦਿੱਤੀ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਨਾਜਾਇਜ਼ ਫ਼ਾਇਦਾ ਚੁੱਕਣ ਜਾਂ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਰ ਸਖ਼ਤ ਕੀਤੀ ਜਾਵੇਗੀ।
Leave a Reply