ਭਾਰਤ 'ਚ ਜਲਦ ਹੋ ਸਕਦੀ ਹੈ ਪਲਾਸਟਿਕ ਨੋਟਾਂ ਦੀ ਸ਼ੁਰੂਆਤ, ਜਾਣੋ ਆਸਟ੍ਰੇਲੀਆ ਨੇ ਕਿਉਂ ਕੀਤਾ ਸੀ ਇਹ ਬਦਲਾਅ

ਭਾਰਤ 'ਚ ਜਲਦ ਹੋ ਸਕਦੀ ਹੈ ਪਲਾਸਟਿਕ ਨੋਟਾਂ ਦੀ ਸ਼ੁਰੂਆਤ, ਜਾਣੋ ਆਸਟ੍ਰੇਲੀਆ ਨੇ ਕਿਉਂ ਕੀਤਾ ਸੀ ਇਹ ਬਦਲਾਅ

ਭਾਰਤ ਵਿੱਚ ਜਲਦ ਹੀ ₹10 ਅਤੇ ₹20 ਦੇ ਪੌਲੀਮਰ (ਪਲਾਸਟਿਕ) ਨੋਟ ਲੋਕਾਂ ਦੀ ਵਰਤੋਂ ਲਈ ਲਿਆਂਦੇ ਜਾ ਸਕਦੇ ਹਨ। ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (RBI) ਨੂੰ ਪੌਲੀਮਰ ਨੋਟਾਂ ਦੇ ਫੀਲਡ ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ RBI ਦੋਵੇਂ ਮੁੱਲਾਂ ਦੇ 100-100 ਕਰੋੜ, ਯਾਨੀ ਕੁੱਲ 200 ਕਰੋੜ ਪੌਲੀਮਰ ਨੋਟ ਛਾਪੇਗਾ। ਜੇਕਰ ਇਹ ਟ੍ਰਾਇਲ ਸਫ਼ਲ ਰਹਿੰਦਾ ਹੈ ਤਾਂ ਭਵਿੱਖ ਵਿੱਚ ਹੋਰ ਮੁੱਲਾਂ ਦੇ ਨੋਟ ਵੀ ਇਸ ਤਕਨਾਲੋਜੀ ਵਿੱਚ ਜਾਰੀ ਕੀਤੇ ਜਾ ਸਕਦੇ ਹਨ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਫੀਲਡ ਟ੍ਰਾਇਲ ਦੇ ਨਤੀਜੇ ਸੰਤੋਸ਼ਜਨਕ ਰਹੇ ਤਾਂ ਭਾਰਤੀ ਰਿਜ਼ਰਵ ਬੈਂਕ ₹10 ਅਤੇ ₹20 ਦੇ ਪੌਲੀਮਰ ਨੋਟ ਨਿਯਮਤ ਤੌਰ 'ਤੇ ਜਾਰੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ RBI ਦੇ ਕੇਂਦਰੀ ਡਾਇਰੈਕਟਰ ਬੋਰਡ ਦੀ ਸਿਫ਼ਾਰਸ਼ ਦੇ ਆਧਾਰ 'ਤੇ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 25 ਅਧੀਨ ਕੇਂਦਰ ਸਰਕਾਰ ਨੂੰ ਇਸ ਸਬੰਧੀ ਪ੍ਰਸਤਾਵ ਭੇਜਿਆ ਗਿਆ ਸੀ। ਕੇਂਦਰ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਕਾਗਜ਼ੀ ਨੋਟਾਂ ਨੂੰ ਪੂਰੀ ਤਰ੍ਹਾਂ ਪੌਲੀਮਰ ਨੋਟਾਂ ਨਾਲ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ, ਪੌਲੀਮਰ ਨੋਟਾਂ ਦੀ ਉਮਰ ਕਾਗਜ਼ੀ ਨੋਟਾਂ ਨਾਲੋਂ ਕਾਫ਼ੀ ਵੱਧ ਹੁੰਦੀ ਹੈ ਅਤੇ ਇਨ੍ਹਾਂ ਦੀ ਨਕਲ ਕਰਨਾ ਵੀ ਕਾਫ਼ੀ ਮੁਸ਼ਕਲ ਮੰਨਿਆ ਜਾਂਦਾ ਹੈ। ਇਹ ਨੋਟ ਆਮ ਕਾਗਜ਼ੀ ਨੋਟਾਂ ਦੇ ਮੁਕਾਬਲੇ ਲਗਭਗ ਦੋ ਤੋਂ ਪੰਜ ਗੁਣਾ ਵੱਧ ਸਮੇਂ ਤੱਕ ਚੱਲ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ 2012 ਵਿੱਚ ਵੀ ਪੌਲੀਮਰ ਨੋਟ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਤਕਨੀਕੀ ਚੁਣੌਤੀਆਂ ਕਾਰਨ ਉਹ ਯੋਜਨਾ ਅੱਗੇ ਨਹੀਂ ਵੱਧ ਸਕੀ। ਆਸਟ੍ਰੇਲੀਆ ਨੇ ਸਭ ਤੋਂ ਪਹਿਲਾਂ ਕਿਉਂ ਅਪਣਾਏ ਪੌਲੀਮਰ ਨੋਟ? ਆਸਟ੍ਰੇਲੀਆ 1988 ਵਿੱਚ ਦੁਨੀਆ ਦਾ ਪਹਿਲਾ ਦੇਸ਼ ਬਣਿਆ ਜਿਸ ਨੇ ਪੌਲੀਮਰ ਨੋਟ ਜਾਰੀ ਕੀਤੇ। ਇਸ ਦੇ ਪਿੱਛੇ ਮੁੱਖ ਕਾਰਨ ਨਕਲੀ ਕਰੰਸੀ ਦੀ ਵਧਦੀ ਸਮੱਸਿਆ ਸੀ। 1966 ਵਿੱਚ ਆਸਟ੍ਰੇਲੀਆ ਨੇ ਪੌਂਡ ਦੀ ਥਾਂ ਆਸਟ੍ਰੇਲੀਆਈ ਡਾਲਰ ਨੂੰ ਅਪਣਾਇਆ। ਭਾਵੇਂ ਨਵੇਂ ਨੋਟਾਂ ਵਿੱਚ ਉਸ ਸਮੇਂ ਦੀਆਂ ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਸਨ, ਪਰ ਕੁਝ ਹੀ ਮਹੀਨਿਆਂ ਵਿੱਚ ਬਾਜ਼ਾਰ ਨਕਲੀ $10 ਦੇ ਨੋਟਾਂ ਨਾਲ ਭਰ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਰੈਕੇਟ ਕਿਸੇ ਵੱਡੇ ਗਿਰੋਹ ਨੇ ਨਹੀਂ, ਸਗੋਂ ਸਿਰਫ਼ ਚਾਰ ਵਿਅਕਤੀਆਂ—ਇੱਕ ਦੁਕਾਨਦਾਰ, ਇੱਕ ਕਲਾਕਾਰ, ਇੱਕ ਫੋਟੋਗ੍ਰਾਫਰ ਅਤੇ ਇੱਕ ਦਰਜ਼ੀ—ਨੇ ਚਲਾਇਆ। ਫੋਟੋਗ੍ਰਾਫਰ ਨੇ ਅਸਲੀ ਨੋਟ ਦੀ ਤਸਵੀਰ ਤਿਆਰ ਕੀਤੀ, ਕਲਾਕਾਰ ਨੇ ਵਾਟਰਮਾਰਕ ਦੀ ਨਕਲ ਬਣਾਈ ਅਤੇ ਦਰਜ਼ੀ ਨੇ ਛਪਾਈ ਦੀ ਸਿਖਲਾਈ ਲੈ ਕੇ ਮੈਲਬੌਰਨ ਵਿੱਚ ਦੁਕਾਨਦਾਰ ਦੇ ਗੈਰਾਜ ਵਿੱਚ ਨਕਲੀ ਨੋਟ ਛਾਪਣੇ ਸ਼ੁਰੂ ਕਰ ਦਿੱਤੇ। ਇਸ ਪੂਰੇ ਗਿਰੋਹ ਨੂੰ ਰਾਬਰਟ ਕਿਡ ਨਾਮਕ ਅਪਰਾਧੀ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਅਜਿਹੀ ਕਰੰਸੀ ਤਿਆਰ ਕਰਨ ਦਾ ਫ਼ੈਸਲਾ ਕੀਤਾ ਜਿਸ ਦੀ ਨਕਲ ਕਰਨਾ ਬਹੁਤ ਮੁਸ਼ਕਲ ਹੋਵੇ। 1968 ਵਿੱਚ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੇ ਗਵਰਨਰ ਡਾ. ਹਰਬਰਟ ਕੂੰਬਸ ਨੇ ਦੇਸ਼ ਦੇ ਵਿਗਿਆਨੀਆਂ ਨੂੰ ਨਵੀਂ ਤਕਨਾਲੋਜੀ ਵਾਲਾ ਨੋਟ ਵਿਕਸਤ ਕਰਨ ਦੀ ਜ਼ਿੰਮੇਵਾਰੀ ਸੌਂਪੀ। ਲਗਭਗ 20 ਸਾਲਾਂ ਦੀ ਖੋਜ ਤੋਂ ਬਾਅਦ ਵਿਗਿਆਨੀਆਂ ਨੇ ਪੌਲੀਮਰ ਨੋਟ ਤਿਆਰ ਕੀਤਾ ਅਤੇ ਜਨਵਰੀ 1988 ਵਿੱਚ ਦੁਨੀਆ ਦਾ ਪਹਿਲਾ ਪਲਾਸਟਿਕ ਨੋਟ ਜਾਰੀ ਕੀਤਾ। ਬਾਅਦ ਵਿੱਚ ਇਹ ਤਕਨਾਲੋਜੀ 25 ਤੋਂ ਵੱਧ ਦੇਸ਼ਾਂ ਤੱਕ ਪਹੁੰਚੀ। ਪੌਲੀਮਰ ਨੋਟ ਕੀ ਹੁੰਦੇ ਹਨ? ਭਾਰਤ ਵਿੱਚ ਇਸ ਵੇਲੇ ਕਰੰਸੀ ਨੋਟ ਵਿਸ਼ੇਸ਼ ਕਾਗਜ਼ ਤੋਂ ਬਣਾਏ ਜਾਂਦੇ ਹਨ, ਜਦਕਿ ਪੌਲੀਮਰ ਨੋਟ ਇੱਕ ਉੱਚ ਗੁਣਵੱਤਾ ਵਾਲੇ ਵਿਸ਼ੇਸ਼ ਪਲਾਸਟਿਕ ਤੋਂ ਤਿਆਰ ਹੁੰਦੇ ਹਨ। ਇਹ ਆਮ ਘਰੇਲੂ ਪਲਾਸਟਿਕ ਨਹੀਂ ਹੁੰਦਾ, ਸਗੋਂ ਬਾਈਐਕਸੀਅਲੀ ਓਰੀਐਂਟਿਡ ਪੋਲੀਪ੍ਰੋਪਾਈਲੀਨ (BOPP) ਨਾਮਕ ਵਿਸ਼ੇਸ਼ ਪੋਲੀਮਰ ਤੋਂ ਬਣਾਇਆ ਜਾਂਦਾ ਹੈ, ਜੋ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਤਿਆਰ ਹੁੰਦਾ ਹੈ। ਇਹ ਸਮੱਗਰੀ ਆਮ ਪਲਾਸਟਿਕ ਨਾਲੋਂ ਵਧੇਰੇ ਮਜ਼ਬੂਤ, ਲਚਕੀਲੀ ਅਤੇ ਟਿਕਾਊ ਹੁੰਦੀ ਹੈ ਅਤੇ ਖਿੱਚਣ 'ਤੇ ਵੀ ਆਪਣਾ ਆਕਾਰ ਨਹੀਂ ਬਦਲਦੀ।