ਕਨਿਸ਼ਕ ਧਮਾਕੇ 'ਤੇ ਕੈਨੇਡੀਅਨ ਖੁਫੀਆ ਏਜੰਸੀ ਦਾ ਬਿਆਨ, ਭਾਰਤ ਦੇ ਲੰਬੇ ਸਮੇਂ ਤੋਂ ਚੱਲਦੇ ਦਾਅਵੇ ਨੂੰ ਮਿਲੀ ਤਾਕਤ

ਕਨਿਸ਼ਕ ਧਮਾਕੇ 'ਤੇ ਕੈਨੇਡੀਅਨ ਖੁਫੀਆ ਏਜੰਸੀ ਦਾ ਬਿਆਨ, ਭਾਰਤ ਦੇ ਲੰਬੇ ਸਮੇਂ ਤੋਂ ਚੱਲਦੇ ਦਾਅਵੇ ਨੂੰ ਮਿਲੀ ਤਾਕਤ

ਏਅਰ ਇੰਡੀਆ ਫਲਾਈਟ 182 ‘ਕਨਿਸ਼ਕ’ ਬੰਬ ਧਮਾਕੇ ਦੇ 41 ਸਾਲ ਬਾਅਦ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (CSIS) ਨੇ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ 182 ਨੂੰ ਨਿਸ਼ਾਨਾ ਬਣਾਉਣ ਵਾਲੇ ਬੰਬ ਹਮਲੇ ਦੇ ਪਿੱਛੇ ਕੈਨੇਡਾ-ਅਧਾਰਿਤ ਖਾਲਿਸਤਾਨੀ ਅਤਿਵਾਦੀ ਸਨ। ਇਸ ਹਮਲੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 329 ਯਾਤਰੀ ਅਤੇ ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਬਹੁਗਿਣਤੀ ਕੈਨੇਡੀਅਨ ਨਾਗਰਿਕ ਸਨ। CSIS ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 23 ਜੂਨ 1985 ਨੂੰ ਕੈਨੇਡਾ-ਅਧਾਰਿਤ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਰੱਖੇ ਗਏ ਬੰਬ ਕਾਰਨ ਜਹਾਜ਼ ਤਬਾਹ ਹੋ ਗਿਆ ਸੀ, ਜਿਸ ਨਾਲ ਸਾਰੇ ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ। ਏਜੰਸੀ ਨੇ ਇਸ ਨੂੰ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। ਇਸ ਬਿਆਨ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕਈ ਦਹਾਕਿਆਂ ਦੌਰਾਨ ਕੈਨੇਡਾ ਦੀਆਂ ਸਰਕਾਰੀ ਟਿੱਪਣੀਆਂ ਵਿੱਚ ਇਸ ਹਮਲੇ ਲਈ ਜ਼ਿੰਮੇਵਾਰ ਤੱਤਾਂ ਦਾ ਸਿੱਧੇ ਤੌਰ 'ਤੇ ਜ਼ਿਕਰ ਨਹੀਂ ਕੀਤਾ ਜਾਂਦਾ ਸੀ। ਭਾਰਤ ਲੰਬੇ ਸਮੇਂ ਤੋਂ ਇਹ ਦਾਅਵਾ ਕਰਦਾ ਆ ਰਿਹਾ ਸੀ ਕਿ ਇਸ ਹਮਲੇ ਪਿੱਛੇ ਖਾਲਿਸਤਾਨੀ ਅਤਿਵਾਦੀ ਤੱਤ ਸਨ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ CSIS ਦਾ ਇਹ ਨਵਾਂ ਬਿਆਨ ਭਾਰਤ ਦੇ ਇਸ ਰੁਖ਼ ਨੂੰ ਹੋਰ ਮਜ਼ਬੂਤੀ ਦਿੰਦਾ ਹੈ। CSIS ਦੀ 2025 ਦੀ ਜਨਤਕ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਕੈਨੇਡਾ-ਅਧਾਰਿਤ ਖਾਲਿਸਤਾਨੀ ਵੱਖਵਾਦੀ (CBKEs) ਅਜੇ ਵੀ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਕੈਨੇਡੀਅਨ ਹਿਤਾਂ ਲਈ ਖ਼ਤਰਾ ਬਣੇ ਹੋਏ ਹਨ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਖਾਲਿਸਤਾਨ ਦੀ ਸ਼ਾਂਤਮਈ ਵਕਾਲਤ ਅਤੇ ਹਿੰਸਕ ਕੱਟੜਪੰਥ ਵਿੱਚ ਸਪੱਸ਼ਟ ਅੰਤਰ ਹੈ। ਸਿਰਫ਼ ਉਹੀ ਤੱਤ ਕੱਟੜਪੰਥੀ ਮੰਨੇ ਜਾਂਦੇ ਹਨ ਜੋ ਹਿੰਸਾ, ਅਤਿਵਾਦੀ ਗਤੀਵਿਧੀਆਂ ਜਾਂ ਉਨ੍ਹਾਂ ਲਈ ਫੰਡ ਇਕੱਠੇ ਕਰਨ ਵਰਗੀਆਂ ਸਰਗਰਮੀਆਂ ਨਾਲ ਜੁੜੇ ਹੋਣ। ਏਅਰ ਇੰਡੀਆ ‘ਕਨਿਸ਼ਕ’ ਧਮਾਕਾ ਅੱਜ ਵੀ ਭਾਰਤ ਅਤੇ ਕੈਨੇਡਾ ਦੇ ਸਾਂਝੇ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 41 ਸਾਲ ਬਾਅਦ CSIS ਦੀ ਇਹ ਸਪੱਸ਼ਟ ਅਧਿਕਾਰਤ ਸਵੀਕਾਰੋਕਤੀ ਨਾ ਸਿਰਫ਼ ਪੀੜਤ ਪਰਿਵਾਰਾਂ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ, ਸਗੋਂ ਕੈਨੇਡਾ ਵਿੱਚ ਅਤਿਵਾਦ ਅਤੇ ਕੱਟੜਪੰਥ ਨਾਲ ਜੁੜੀ ਚਰਚਾ ਨੂੰ ਵੀ ਨਵੀਂ ਦਿਸ਼ਾ ਦੇ ਸਕਦੀ ਹੈ।