ਗੁਰਦਾਸਪੁਰ ‘ਚ 15 ਸਾਲਾ ਵਿਦਿਆਰਥੀ ਦੀ ਖੁਦਕੁਸ਼ੀ, ਸਕੂਲ ਪ੍ਰਬੰਧਨ ‘ਤੇ ਗੰਭੀਰ ਦੋਸ਼
- ਪੰਜਾਬ
- (Asia/Kolkata)
ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਅਧੀਨ ਪਿੰਡ ਝੰਡਾ ਲੁਬਾਣਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 15 ਸਾਲਾ ਵਿਦਿਆਰਥੀ ਨਵਜੋਤ ਸਿੰਘ ਨੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਸਕੂਲ ਪ੍ਰਸ਼ਾਸਨ ਦੇ ਸਖ਼ਤ ਰਵੱਈਏ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਮ੍ਰਿਤਕ ਨਵਜੋਤ ਸਿੰਘ ਕਸਬਾ ਦਸੂਹਾ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ। ਜਾਣਕਾਰੀ ਅਨੁਸਾਰ, ਉਹ 27 ਅਪ੍ਰੈਲ ਤੋਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ ਅਤੇ ਕੱਲ੍ਹ ਉਸਦੀ ਮੌਤ ਹੋ ਗਈ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਸਕੂਲ ਪ੍ਰਬੰਧਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ, 27 ਅਪ੍ਰੈਲ ਨੂੰ ਸਕੂਲ ਵਿੱਚ ਨਵਜੋਤ ਸਿੰਘ ਨੂੰ ਕਿਸੇ ਗਲਤੀ ਲਈ ਸਜ਼ਾ ਦਿੱਤੀ ਗਈ ਸੀ। ਦੋਸ਼ ਹੈ ਕਿ ਉਸਨੂੰ ਲਗਾਤਾਰ ਦੋ ਪੀਰੀਅਡਾਂ ਤੱਕ ਤੇਜ਼ ਧੁੱਪ ਵਿੱਚ ਖੜ੍ਹਾ ਰੱਖਿਆ ਗਿਆ। ਇਸ ਘਟਨਾ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਬਹੁਤ ਦੁਖੀ ਹੋ ਗਿਆ ਅਤੇ ਘਰ ਜਾ ਕੇ ਉਸਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਾਲਤ ਵਿਗੜਨ ‘ਤੇ ਪਰਿਵਾਰ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਕਈ ਦਿਨ ਇਲਾਜ ਚੱਲਣ ਤੋਂ ਬਾਅਦ ਉਸਦੀ ਮੌਤ ਹੋ ਗਈ। ਨਵਜੋਤ ਦੇ ਸਹਿਪਾਠੀਆਂ ਨੇ ਅੰਤਿਮ ਸੰਸਕਾਰ ਦੌਰਾਨ ਸਕੂਲ ਪ੍ਰਬੰਧਨ ਦੇ ਵਿਵਹਾਰ ‘ਤੇ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਵਿੱਚ ਵਿਦਿਆਰਥੀਆਂ ਨਾਲ ਅਕਸਰ ਸਖ਼ਤੀ ਅਤੇ ਦੁਰਵਿਵਹਾਰ ਕੀਤਾ ਜਾਂਦਾ ਹੈ। ਵਿਦਿਆਰਥੀਆਂ ਅਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਵਜੋਤ ਨੂੰ ਇਨਸਾਫ਼ ਮਿਲੇ। ਪਿੰਡ ਵਿੱਚ ਦੁਖੀ ਮਾਹੌਲ ਦਰਮਿਆਨ ਨਵਜੋਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਨੇ ਉਸਨੂੰ ਲਾੜੇ ਵਾਂਗ ਪੱਗ ਬੰਨ੍ਹ ਕੇ ਅੰਤਿਮ ਵਿਦਾਇਗੀ ਦਿੱਤੀ, ਜਿਸ ਨਾਲ ਮਾਹੌਲ ਹੋਰ ਵੀ ਗਮਗੀਨ ਹੋ ਗਿਆ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਭੈਣੀ ਮੀਆਂ ਖਾਨ ਦੇ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਸਕੂਲ ਪ੍ਰਬੰਧਨ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
Leave a Reply