ਮਿਸ ਵਰਲਡ ਮੁਕਾਬਲਾ : ਤੇਲੰਗਾਨਾ ਸਕੱਤਰੇਤ ਨੇੜੇ ਲੱਗੇ ਇਜ਼ਰਾਈਲੀ ਝੰਡੇ ਨੂੰ ਹਟਾਉਣ ’ਤੇ ਇਕ ਗ੍ਰਿਫਤਾਰ
- ਰਾਸ਼ਟਰੀ
- 17 May,2025

ਹੈਦਰਾਬਾਦ : ਤੇਲੰਗਾਨਾ ਸਰਕਾਰ ਵਲੋਂ ਮਿਸ ਵਰਲਡ 2025 ਮੁਕਾਬਲੇ ਦੇ ਮੱਦੇਨਜ਼ਰ ਸਕੱਤਰੇਤ ’ਚ ਲਗਾਏ ਗਏ ਇਜ਼ਰਾਈਲੀ ਕੌਮੀ ਝੰਡੇ ਨੂੰ ਹਟਾਉਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ।
ਪਹਿਲਾ ਮਾਮਲਾ 12 ਮਈ ਨੂੰ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਥਾਂ ਦੀ ਜਾਂਚ ਕੀਤੀ ਅਤੇ ਇਜ਼ਰਾਈਲੀ ਝੰਡਾ ਗਾਇਬ ਪਾਇਆ। ਪੁਲਿਸ ਨੇ ਦਸਿਆ ਕਿ ਬਾਅਦ ’ਚ ਇਕ ਨਵਾਂ ਝੰਡਾ ਲਗਾਇਆ ਗਿਆ। ਦੂਜਾ ਮਾਮਲਾ ਇਕ ਹੋਰ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ 16 ਮਈ ਨੂੰ ਦਰਜ ਕੀਤਾ ਗਿਆ ਸੀ ਜਿਸ ਨੇ 14 ਮਈ ਨੂੰ ਇਜ਼ਰਾਈਲੀ ਝੰਡਾ ਗਾਇਬ ਪਾਇਆ ਸੀ। ਪੁਲਿਸ ਨੇ ਦਸਿਆ ਕਿ ਜਾਂਚ ਦੌਰਾਨ ਪੇਸ਼ੇ ਤੋਂ ਬਾਈਕ ਮਕੈਨਿਕ ਜ਼ਾਕਿਰ ਨੂੰ 16 ਮਈ ਨੂੰ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਕਥਿਤ ਤੌਰ ’ਤੇ ਅਪਣੀ ਇਸ ਹਰਕਤ ਦੀ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ।
ਪੁਲਿਸ ਨੇ ਕਿਹਾ ਕਿ ਹੁਣ ਤਕ ਸਿਰਫ ਗ੍ਰਿਫਤਾਰ ਵਿਅਕਤੀ ਹੀ ਇਸ ’ਚ ਸ਼ਾਮਲ ਪਾਇਆ ਗਿਆ ਹੈ ਅਤੇ ਉਸ ਦੀ ਕਾਰਵਾਈ ਦੇ ਕਾਰਨਾਂ ਅਤੇ ਘਟਨਾ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਮੇਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। 12 ਮਈ ਨੂੰ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਦੋਸ਼ੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਿਸ ਵਰਲਡ ਮੁਕਾਬਲਾ ਇੱਥੇ 10 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 31 ਮਈ ਤਕ ਜਾਰੀ ਰਹੇਗਾ।
#MissWorld2025
#HyderabadEvent
#TelanganaNews
#FlagControversy
#IsraelFlag
#PublicOrder
#SecurityAlert
#OneArrested
Posted By:

Leave a Reply