ਆਯੂਸ਼ ਯੂਨੀਵਰਸਿਟੀ ਦਾ ਕੈਂਪਸ ਰੰਗਾਂ ਤੇ ਖੁਸ਼ੀਆਂ ਨਾਲ ਰੰਗਿਆ, ਫੁੱਲਾਂ ਦੀ ਹੋਲੀ ਨਾਲ ਮਨਾਇਆ ਜਸ਼ਨ

ਆਯੂਸ਼ ਯੂਨੀਵਰਸਿਟੀ ਦਾ ਕੈਂਪਸ ਰੰਗਾਂ ਤੇ ਖੁਸ਼ੀਆਂ ਨਾਲ ਰੰਗਿਆ, ਫੁੱਲਾਂ ਦੀ ਹੋਲੀ ਨਾਲ ਮਨਾਇਆ ਜਸ਼ਨ

ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵੈਦਿਆ ਕਰਤਾਰ ਸਿੰਘ ਧੀਮਾਨ ਅਤੇ ਰਜਿਸਟਰਾਰ ਪ੍ਰੋ. ਬ੍ਰਿਜੇਂਦਰ ਸਿੰਘ ਤੋਮਰ ਨੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਫੁੱਲਾਂ ਅਤੇ ਗੁਲਾਲ ਨਾਲ ਹੋਲੀ ਖੇਡੀ ਅਤੇ ਸਾਰਿਆਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਨਾਚ, ਗੀਤ, ਕਵਿਤਾਵਾਂ ਅਤੇ ਦੋਹਿਆਂ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਪੂਰਾ ਕੈਂਪਸ ਰੰਗਾਂ, ਖੁਸ਼ੀਆਂ ਅਤੇ ਉਤਸ਼ਾਹ ਨਾਲ ਰੰਗਿਆ ਹੋਇਆ ਨਜ਼ਰ ਆਇਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਕਰਤਾਰ ਸਿੰਘ ਧੀਮਾਨ ਨੇ ਭਗਤ ਪ੍ਰਹਿਲਾਦ ਦੀ ਕਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਸੱਚ, ਵਿਸ਼ਵਾਸ ਅਤੇ ਸਕਾਰਾਤਮਕਤਾ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਿਵੇਂ ਭਗਤ ਪ੍ਰਹਿਲਾਦ ਨੇ ਮੁਸ਼ਕਿਲ ਹਾਲਾਤਾਂ ਵਿੱਚ ਵੀ ਆਪਣਾ ਸਿਦਕ ਕਾਇਮ ਰੱਖਿਆ, ਉਸੇ ਤਰ੍ਹਾਂ ਸਾਨੂੰ ਵੀ ਜੀਵਨ ਵਿੱਚ ਪਿਆਰ, ਸਦਭਾਵਨਾ ਅਤੇ ਏਕਤਾ ਨੂੰ ਅਪਣਾਉਣਾ ਚਾਹੀਦਾ ਹੈ। ਰਜਿਸਟਰਾਰ ਪ੍ਰੋ. ਬ੍ਰਿਜੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਜਿਹੇ ਸਮਾਗਮ ਸੰਸਥਾ ਵਿੱਚ ਪਰਿਵਾਰਕ ਮਾਹੌਲ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਜ਼ਰੀਏ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਸਾਂਝ ਅਤੇ ਸਹਿਯੋਗ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਇਸ ਸਮਾਗਮ ਵਿੱਚ ਇੰਸਟੀਚਿਊਟ ਆਫ ਆਯੂਰਵੈਦਿਕ ਸਟੱਡੀਜ਼ ਐਂਡ ਰਿਸਰਚ ਦੇ ਪ੍ਰਿੰਸੀਪਲ ਪ੍ਰੋ. ਆਸ਼ੀਸ਼ ਮਹਿਤਾ, ਮੈਡੀਕਲ ਸੁਪਰਡੈਂਟ ਪ੍ਰੋ. ਰਾਜਾ ਸਿੰਗਲਾ, ਪ੍ਰੋ. ਵਿਦੁਸ਼ੀ ਤਿਆਗੀ, ਡਾ. ਸੁਧੀਰ ਮਲਿਕ, ਪ੍ਰੋ. ਅਮਿਤ ਕਟਾਰੀਆ, ਪ੍ਰੋ. ਮਨੋਜ ਤੰਵਰ ਅਤੇ ਪ੍ਰੋ. ਸ਼ੀਤਲ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਸਟਾਫ ਮੈਂਬਰ ਮੌਜੂਦ ਸਨ। ਰੋਟਰੀ ਕਲੱਬ ਵੱਲੋਂ ਵੀ ਮਨਾਇਆ ਗਿਆ ਹੋਲੀ ਸਮਾਗਮ ਇਸ ਤੋਂ ਇਲਾਵਾ ਰੋਟਰੀ ਕਲੱਬ ਵੱਲੋਂ ਲਾਡਵਾ ਰੋਡ ਸਥਿਤ ਇੱਕ ਰਿਜ਼ੋਰਟ ਵਿੱਚ ਹੋਲੀ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ ਅਤੇ ਫੁੱਲਾਂ ਨਾਲ ਹੋਲੀ ਖੇਡ ਕੇ ਤਿਉਹਾਰ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਲਾਈਵ ਬੈਂਡ ਦੇ ਸੰਗੀਤ ਅਤੇ ਦਿਲਚਸਪ ਖੇਡਾਂ, ਖ਼ਾਸ ਕਰਕੇ ਤੰਬੋਲਾ ਨੇ ਹਾਜ਼ਰੀਨਾਂ ਦਾ ਮਨ ਮੋਹ ਲਿਆ। ਕਲੱਬ ਦੇ ਪ੍ਰਧਾਨ ਡਾ. ਆਰ.ਐੱਸ. ਘੁੰਮਣ ਨੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਸਮਾਜਿਕ ਬਰਾਬਰੀ, ਭਾਈਚਾਰੇ ਅਤੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਵੀ ਹੈ। ਪ੍ਰਾਜੈਕਟ ਚੇਅਰਮੈਨ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਮੈਂਬਰਾਂ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਨਾ ਸੀ। ਕਲੱਬ ਸਕੱਤਰ ਵਿਕਰਮ ਗੁਪਤਾ ਨੇ ਕਿਹਾ ਕਿ ਰੋਟਰੀ ਸੰਸਥਾ ਸਿਰਫ਼ ਸੇਵਾ ਕਾਰਜਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਵੀ ਪ੍ਰੋਤਸਾਹਿਤ ਕਰਦੀ ਹੈ।