ਫਾਫਾਮਊ ‘ਚ ਇਮਾਰਤ ਡਿੱਗੀ, ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ

ਫਾਫਾਮਊ ‘ਚ ਇਮਾਰਤ ਡਿੱਗੀ, ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ

ਪ੍ਰਯਾਗਰਾਜ ਵਿੱਚ ਸੋਮਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਗੰਗਾਪਾਰ ਦੇ ਫਾਫਾਮਊ ਇਲਾਕੇ ਵਿੱਚ ਸਥਿਤ ਇੱਕ ਕੋਲਡ ਸਟੋਰੇਜ ਅਚਾਨਕ ਢਹਿ ਗਿਆ। ਇਸ ਹਾਦਸੇ ਤੋਂ ਬਾਅਦ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਕੋਲਡ ਸਟੋਰੇਜ ਵਿੱਚੋਂ ਅਮੋਨੀਆ ਗੈਸ ਦਾ ਰਿਸਾਅ ਹੋਣਾ ਸ਼ੁਰੂ ਹੋ ਗਿਆ, ਜਿਸ ਕਾਰਨ ਸਥਿਤੀ ਹੋਰ ਗੰਭੀਰ ਬਣ ਗਈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਕੇ ‘ਤੇ ਮੌਜੂਦ ਭੀੜ ਨੂੰ ਤੁਰੰਤ ਹਟਾ ਦਿੱਤਾ ਗਿਆ। ਗੈਸ ਦੀ ਤੇਜ਼ ਬਦਬੂ ਲਗਭਗ ਇੱਕ ਕਿਲੋਮੀਟਰ ਤੱਕ ਫੈਲ ਗਈ, ਜਿਸ ਕਾਰਨ ਲੋਕਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢੱਕ ਲਏ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜ਼ੋਰਾਂ ‘ਤੇ ਚਲਾਇਆ ਜਾ ਰਿਹਾ ਹੈ। ਪੰਜ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ‘ਤੇ ਤੈਨਾਤ ਹਨ। ਹੁਣ ਤੱਕ ਮਲਬੇ ਵਿੱਚੋਂ 9 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਪਿਲਤ ਚੌਧਰੀ, ਮਸ਼ਿੰਦਰ, ਜੋਤਿਸ਼ ਅਤੇ ਜਗਦੀਸ਼ ਵਜੋਂ ਹੋਈ ਹੈ। ਜਗਦੀਸ਼ ਪ੍ਰਯਾਗਰਾਜ ਦਾ ਨਿਵਾਸੀ ਸੀ, ਜਦਕਿ ਹੋਰ ਤਿੰਨ ਬਿਹਾਰ ਨਾਲ ਸੰਬੰਧਿਤ ਸਨ। ਚਸ਼ਮਦੀਦਾਂ ਮੁਤਾਬਕ, ਪਹਿਲਾਂ ਕੋਲਡ ਸਟੋਰੇਜ ਅੰਦਰ ਧਮਾਕੇ ਵਰਗੀ ਆਵਾਜ਼ ਆਈ, ਜਿਸ ਤੋਂ ਬਾਅਦ ਇਮਾਰਤ ਡਿੱਗ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਮਲਬੇ ਵਿੱਚੋਂ ਕੱਢ ਕੇ ਐੱਸ.ਆਰ.ਐੱਨ. ਹਸਪਤਾਲ ਭੇਜਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ।