ਸਾਊਦੀ ਅਰਬ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ: ਏਅਰ ਇੰਡੀਆ ਨੇ 31 ਦਸੰਬਰ ਤੱਕ ਵਧਾਈ ਉਡਾਣਾਂ 'ਤੇ ਰੋਕ
- ਦੇਸ਼
- (Asia/Kolkata)
ਮੱਧ ਪੂਰਬ ਖੇਤਰ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਸਾਊਦੀ ਅਰਬ ਦੇ ਪ੍ਰਮੁੱਖ ਸ਼ਹਿਰਾਂ ਜੇਦਾਹ, ਦਮਾਮ ਅਤੇ ਰਿਆਦ ਲਈ ਆਪਣੀਆਂ ਸਾਰੀਆਂ ਆਉਣ-ਜਾਣ ਵਾਲੀਆਂ ਉਡਾਣਾਂ ਦੀ ਮੁਅੱਤਲੀ 31 ਦਸੰਬਰ, 2026 ਤੱਕ ਵਧਾ ਦਿੱਤੀ ਹੈ। ਹਾਲਾਂਕਿ, ਯਾਤਰੀਆਂ ਨੂੰ ਕੁਝ ਰਾਹਤ ਦਿੰਦਿਆਂ ਏਅਰ ਇੰਡੀਆ ਐਕਸਪ੍ਰੈੱਸ ਨੇ ਐਲਾਨ ਕੀਤਾ ਹੈ ਕਿ ਉਹ ਦੋ ਦਸੰਬਰ ਤੋਂ ਜੇਦਾਹ ਲਈ ਆਪਣੀਆਂ ਹਵਾਈ ਸੇਵਾਵਾਂ ਪੜਾਅਵਾਰ ਤਰੀਕੇ ਨਾਲ ਮੁੜ ਸ਼ੁਰੂ ਕਰੇਗੀ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਦਾਹ ਲਈ ਸੇਵਾਵਾਂ ਬਹਾਲ ਹੋਣ ਦੇ ਬਾਵਜੂਦ ਰਿਆਦ ਅਤੇ ਦਮਾਮ ਲਈ ਉਸ ਦੀਆਂ ਆਉਣ-ਜਾਣ ਵਾਲੀਆਂ ਉਡਾਣਾਂ 31 ਦਸੰਬਰ ਤੱਕ ਮੁਅੱਤਲ ਹੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਖੇਤਰ ਵਿੱਚ ਬਣੀ ਸੁਰੱਖਿਆ ਸਥਿਤੀ ਅਤੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਦੇ ਕੁਝ ਸ਼ਹਿਰਾਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਕਾਰਨ ਹਾਲ ਹੀ ਦੇ ਹਫ਼ਤਿਆਂ ਦੌਰਾਨ ਸਾਊਦੀ ਅਰਬ ਦੀਆਂ ਹਵਾਈ ਸੇਵਾਵਾਂ ਕਾਫ਼ੀ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਦਿਆਂ ਯਾਤਰੀਆਂ ਨੂੰ ਇਸ ਫੈਸਲੇ ਬਾਰੇ ਸੂਚਿਤ ਕੀਤਾ। ਏਅਰਲਾਈਨ ਨੇ ਕਿਹਾ ਕਿ ਖੇਤਰ ਵਿੱਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਜੇਦਾਹ, ਦਮਾਮ ਅਤੇ ਰਿਆਦ ਲਈ ਸਾਡੀਆਂ ਉਡਾਣਾਂ 31 ਦਸੰਬਰ, 2026 ਤੱਕ ਮੁਅੱਤਲ ਰਹਿਣਗੀਆਂ। ਦੂਜੇ ਪਾਸੇ, ਏਅਰ ਇੰਡੀਆ ਐਕਸਪ੍ਰੈੱਸ ਨੇ 'ਐਕਸ' 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੜਾਅਵਾਰ ਤਰੀਕੇ ਨਾਲ ਜੇਦਾਹ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਤਹਿਤ ਦੋ ਦਸੰਬਰ ਤੋਂ ਜੇਦਾਹ ਅਤੇ ਮੰਗਲੁਰੂ ਵਿਚਕਾਰ ਹਫ਼ਤੇ ਵਿੱਚ ਤਿੰਨ ਉਡਾਣਾਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇਗਾ।
Leave a Reply