ਅਕਾਲ ਅਕੈਡਮੀ ਸ਼ੇਰੋਂ ਬਾਘਾ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ

ਅਕਾਲ ਅਕੈਡਮੀ ਸ਼ੇਰੋਂ ਬਾਘਾ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ

(ਜਗਸੀਰ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਸ਼ੇਰੋਂ ਬਾਘਾ ਵਿੱਚ ਸਲਾਨਾ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਵਾਰ ਵੀ ਅਕਾਦਮਿਕ ਸਾਲ ਬਹੁਤ ਹੀ ਉੱਤਮ ਰਿਹਾ ਅਤੇ ਵਿਦਿਆਰਥੀਆਂ ਨੇ ਵਧੀਆ ਨੰਬਰ ਹਾਸਿਲ ਕਰਕੇ ਆਪਣੀ ਮਿਹਨਤ ਅਤੇ ਲਗਨ ਦਾ ਪ੍ਰਮਾਣ ਦਿੱਤਾ। ਖਾਸ ਗੱਲ ਇਹ ਰਹੀ ਕਿ ਕਿੰਡਰਗਾਰਟਨ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ 100% ਨਤੀਜਾ ਹਾਸਿਲ ਕਰਕੇ ਸਭ ਨੂੰ ਮਾਣ ਮਹਿਸੂਸ ਕਰਵਾਇਆ। ਇਸਦੇ ਨਾਲ ਹੀ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਨਤੀਜਾ ਵੀ 90% ਤੋਂ 95% ਤੱਕ ਸ਼ਾਨਦਾਰ ਰਿਹਾ, ਜੋ ਸਕੂਲ ਦੀ ਉੱਚ ਸਿੱਖਿਆ ਮਿਆਰ ਦੀ ਨਿਸ਼ਾਨੀ ਹੈ। ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਸਕੂਲ ਦਾ ਨਾਮ ਰੌਸ਼ਨ ਹੋਇਆ। ਮਾਪਿਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਸਕੂਲ ਵਿੱਚ ਖੁਸ਼ੀ ਅਤੇ ਗਰਵ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਅਕਾਲ ਅਕੈਡਮੀ ਸ਼ੇਰੋਂ ਬਾਘਾ ਦੇ ਪ੍ਰਿੰਸੀਪਲ ਪ੍ਰੀਤੀ ਕੌਸ਼ਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਵੀ ਇਸੇ ਜਜ਼ਬੇ ਨਾਲ ਮਿਹਨਤ ਕਰਦੇ ਰਹਿਣ ਅਤੇ ਆਪਣੀਆਂ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਅਕੈਡਮੀ ਹੋਰ ਵੀ ਵੱਡੀਆਂ ਕਾਮਯਾਬੀਆਂ ਹਾਸਲ ਕਰੇਗੀ।