ਮਹਾਦੇਵ ਬੈਟਿੰਗ ਐਪ ਮਾਮਲਾ: ਸੀਬੀਆਈ ਵੱਲੋਂ ਪੰਜਾਬ ਸਮੇਤ 6 ਸੂਬਿਆਂ ਵਿੱਚ 33 ਥਾਵਾਂ ’ਤੇ ਤਾਬੜਤੋੜ ਛਾਪੇਮਾਰੀ, ਸੱਟੇਬਾਜ਼ੀ ਦੇ ਲਾਈਵ ਪੈਨਲ ਫੜੇ ਗਏ

ਮਹਾਦੇਵ ਬੈਟਿੰਗ ਐਪ ਮਾਮਲਾ: ਸੀਬੀਆਈ ਵੱਲੋਂ ਪੰਜਾਬ ਸਮੇਤ 6 ਸੂਬਿਆਂ ਵਿੱਚ 33 ਥਾਵਾਂ ’ਤੇ ਤਾਬੜਤੋੜ ਛਾਪੇਮਾਰੀ, ਸੱਟੇਬਾਜ਼ੀ ਦੇ ਲਾਈਵ ਪੈਨਲ ਫੜੇ ਗਏ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ‘ਮਹਾਦੇਵ ਆਨਲਾਈਨ ਬੁੱਕ ਐਪ’ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰਦਿਆਂ ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਛੇ ਸੂਬਿਆਂ ਵਿੱਚ 33 ਟਿਕਾਣਿਆਂ ’ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਛਾਪੇਮਾਰੀ ਇਸ ਪਲੇਟਫਾਰਮ ਦੇ ਮੁੱਖ ਪ੍ਰਮੋਟਰਾਂ ਵਿੱਚੋਂ ਇੱਕ ਅਤੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਵੱਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਅਹਿਮ ਖੁਲਾਸਿਆਂ ਦੇ ਆਧਾਰ ’ਤੇ ਕੀਤੀ ਗਈ ਹੈ, ਜਿਸ ਨੂੰ ਸਲਤਨਤ ਆਫ਼ ਓਮਾਨ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਗਿਆ ਸੀ। ਸੀਬੀਆਈ ਦੀਆਂ ਟੀਮਾਂ ਨੇ ਐਪ ਦੇ ਪੈਨਲ ਸੰਚਾਲਕਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਇੱਕੋ ਸਮੇਂ ਦਬਿਸ਼ ਦਿੱਤੀ। ਇਸ ਤਲਾਸ਼ੀ ਮੁਹਿੰਮ ਤਹਿਤ ਪੰਜਾਬ ਦੇ ਅੰਮ੍ਰਿਤਸਰ, ਕੌਮੀ ਰਾਜਧਾਨੀ ਦਿੱਲੀ, ਰਾਜਸਥਾਨ ਦੇ ਨਾਗੌਰ ਅਤੇ ਧੌਲਪੁਰ, ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਇੰਦੌਰ, ਛੱਤੀਸਗੜ੍ਹ ਦੇ ਰਾਏਪੁਰ ਅਤੇ ਦੁਰਗ, ਗੁਜਰਾਤ ਦੇ ਅਹਿਮਦਾਬਾਦ, ਵਡੋਦਰਾ ਅਤੇ ਸੂਰਤ ਸਮੇਤ ਮਹਾਰਾਸ਼ਟਰ ਦੇ ਮੁੰਬਈ ਅਤੇ ਨਾਗਪੁਰ ਸ਼ਹਿਰਾਂ ਵਿੱਚ ਛਾਪੇ ਮਾਰੇ ਗਏ। ਸੀਬੀਆਈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਛਾਪਿਆਂ ਦੌਰਾਨ ਕਈ ਥਾਵਾਂ ’ਤੇ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੇ ਲਾਈਵ ਪੈਨਲ ਚੱਲਦੇ ਹੋਏ ਪਾਏ ਗਏ, ਜਿਨ੍ਹਾਂ ਨੂੰ ਜਾਂਚ ਏਜੰਸੀ ਨੇ ਤੁਰੰਤ ਬੰਦ ਕਰਵਾ ਦਿੱਤਾ। ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਡਿਜੀਟਲ ਉਪਕਰਨ, ਮੋਬਾਈਲ ਫ਼ੋਨ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕਰਕੇ ਜ਼ਬਤ ਕੀਤੇ ਹਨ। ਮੁੱਢਲੀ ਜਾਂਚ ਵਿੱਚ ਇਹ ਸਬੂਤ ਫਰਜ਼ੀ ਬੈਂਕ ਖਾਤਿਆਂ (ਮਿਊਲ ਅਕਾਊਂਟਸ) ਅਤੇ ਹਵਾਲਾ ਨੈੱਟਵਰਕ ਦੀ ਵੱਡੇ ਪੱਧਰ ’ਤੇ ਹੋ ਰਹੀ ਵਰਤੋਂ ਵੱਲ ਇਸ਼ਾਰਾ ਕਰਦੇ ਹਨ। ਦੂਜੇ ਪਾਸੇ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਇਸ ਮਾਮਲੇ ਵਿੱਚ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। 13 ਨਵੰਬਰ ਨੂੰ ਈਡੀ ਨੇ ਸੌਰਭ ਚੰਦਰਾਕਰ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਅਜੇ ਸੀਬੀਆਈ ਦੀ ਹਿਰਾਸਤ ਵਿੱਚ ਹੀ ਸੀ। ਜ਼ਿਕਰਯੋਗ ਹੈ ਕਿ ਓਮਾਨ ਤੋਂ ਹਵਾਲਗੀ ਮਗਰੋਂ ਸੀਬੀਆਈ ਨੇ 1 ਨਵੰਬਰ ਨੂੰ ਚੰਦਰਾਕਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ ਸ਼ੁਰੂਆਤੀ ਅੱਠ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਸੀ। ਸੀਬੀਆਈ ਦੀ ਪੁੱਛਗਿੱਛ ਦੌਰਾਨ ਉਸ ਨੇ ਸੱਟੇਬਾਜ਼ੀ ਪਲੇਟਫਾਰਮ ਦੇ ਕੰਮ ਕਰਨ ਦੇ ਤਰੀਕੇ ਅਤੇ ਭਾਰਤ ਵਿੱਚ ਫੈਲੇ ਇਸ ਦੇ ਪੈਨਲ ਸੰਚਾਲਕਾਂ ਦੇ ਪੂਰੇ ਨੈੱਟਵਰਕ ਬਾਰੇ ਅਹਿਮ ਵੇਰਵਿਆਂ ਦਾ ਖੁਲਾਸਾ ਕੀਤਾ। ਜਾਂਚ ਏਜੰਸੀ ਵੱਲੋਂ ਇਕੱਠੇ ਕੀਤੇ ਗਏ ਦਸਤਾਵੇਜ਼ੀ ਅਤੇ ਡਿਜੀਟਲ ਸਬੂਤਾਂ ਨਾਲ ਵੀ ਉਸ ਦਾ ਆਹਮੋ-ਸਾਹਮਣਾ ਕਰਵਾਇਆ ਗਿਆ। ਸੀਬੀਆਈ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੌਰਭ ਚੰਦਰਾਕਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 19 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸੇ ਦੌਰਾਨ, ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਈਡੀ ਨੇ ਰਾਏਪੁਰ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ 13 ਨਵੰਬਰ ਨੂੰ ਚੰਦਰਾਕਰ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਉਸ ਨੂੰ 19 ਨਵੰਬਰ ਤੱਕ ਸੱਤ ਦਿਨਾਂ ਦੇ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ।