14
January
2020
ਸ੍ਰੀ ਮੁਕਤਸਰ ਸਾਹਿਬ: 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਅੱਜ ਸਵੇਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲਾ ਬਣਾ ਰਹੀਆਂ ਹਨ। ਗੁਰੂ ਘਰ ਆਈਆਂ ਸੰਗਤਾਂ ਵਲੋਂ ਇਸ ਮੌਕੇ ਪਵਿੱਤਰ ਸਰੋਵਰ ‘ਚ ਆਸਥਾ ਦੀ ਡੁਬਕੀ ਲਾਈ ਜਾ ਰਹੀ ਹੈ।ਮੌਸਮ ਦੇ ਅਚਾਨਕ ਬਦਲੇ ਮਿਜਾਜ਼ ਦੇ ਬਾਵਜੂਦ ਅਮ੍ਰਿਤ ਵੇਲੇ ਤੋਂ ਸੰਗਤ ਦੀ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਗਈ ਹੈ। ਲੋਹੜੀ ਵਾਲੇ ਦਿਨ ਇਕ ਦਮ ਮੌਸਮ ਬਦਲ ਗਿਆ ਅਤੇ ਕਾਫੀ ਬਾਰਿਸ਼ ਹੋਈ ਪਰ ਮੌਸਮ ਦੀ ਖਰਾਬੀ ਵੀ ਸ਼ਰਧਾ ਨਾ ਘਟਾ ਸਕੀ।ਇਸ ਤੋਂ ਪਹਿਲਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅੱਜ ਮਾਘੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਵਿਚ ਵੱਡੀ ਗਿਣਤੀ ‘ਚ ਸੰਗਤ ਸ਼ਾਮਿਲ ਹੋਈ।