ਡੇਂਗੂ ਦਾ ਲਾਰਵਾ ਮਿਲਣ ’ਤੇ ਹੋਵੇਗੀ ਸਖ਼ਤ ਕਾਰਵਾਈ

10

October

2018

ਲੁਧਿਆਣਾ, ਸ਼ਹਿਰ ਵਿੱਚ ਰੋਜ਼ਾਨਾ ਡੇਂਗੂ ਦੇ ਮਰੀਜ਼ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਨੂੰ ਹਦਾਇਤ ਕੀਤੀ ਹੈ ਕਿ ਉਹ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭਣ, ਜਿਨ੍ਹਾਂ ਦੀ ਮਾਲਕੀ ਵਾਲੇ ਘਰ ਜਾਂ ਕਾਰੋਬਾਰੀ ਖੇਤਰ ਵਿੱਚੋਂ ਡੇਂਗੂ ਫੈਲਾਉਣ ਵਾਲਾ ਮੱਛਰ ਜਾਂ ਲਾਰਵਾ ਮਿਲਦਾ ਹੈ। ਉਨ੍ਹਾਂ ਇਹ ਹਦਾਇਤ ਜ਼ਿਲ੍ਹਾ ਪੱਧਰੀ ਡੇਂਗੂ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ। ਇਹ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਡੀਸੀ ਅਗਰਵਾਲ ਦੇ ਧਿਆਨ ਵਿੱਚ ਆਇਆ ਕਿ ਭਾਵੇਂ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਡੇਂਗੂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਕਈ ਲੋਕ ਅਤੇ ਕਾਰੋਬਾਰੀ ਆਪਣੇ ਘਰਾਂ ਅਤੇ ਕਾਰੋਬਾਰਾਂ ਵਿੱਚ ਪਾਣੀ ਖੜ੍ਹੇ ਹੋਣ ਤੋਂ ਰੋਕਣ ਲਈ ਕੁਝ ਵੀ ਨਹੀਂ ਕਰ ਰਹੇ, ਨਾ ਹੀ ਉਨ੍ਹਾਂ ਵੱਲੋਂ ਚੈਕਿੰਗ ਟੀਮਾਂ ਨੂੰ ਸਹਿਯੋਗ ਕੀਤਾ ਜਾਂਦਾ ਹੈ। ਇਸ ’ਤੇ ਡੀਸੀ ਅਗਰਵਾਲ ਨੇ ਦੋਵਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਲੋਕਾਂ ਅਤੇ ਕਾਰੋਬਾਰੀਆਂ ਦੇ ਚਾਲਾਨ ਕੱਟਣ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਪੁਲੀਸ ਰਿਪੋਰਟ ਦਰਜ ਕਰਾਉਣ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਨਿੱਜੀ ਹਸਪਤਾਲ ਡੇਂਗੂ ਸਬੰਧੀ ਕਾਰਡ ਟੈਸਟ ਨਾ ਕਰੇ। ਇਸ ਸਬੰਧੀ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਇਹ ਵੀ ਕਿਹਾ ਗਿਆ ਕਿ ਪ੍ਰਾਈਵੇਟ ਹਸਪਤਾਲ ਡੇਂਗੂ ਸਬੰਧੀ ਕੇਸਾਂ ਦੇ ਅੰਕੜੇ ਵੀ ਰੁਟੀਨ ਵਿੱਚ ਸਿਹਤ ਵਿਭਾਗ ਨੂੰ ਭੇਜਣ। ਉਨ੍ਹਾਂ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰਾਂ ਨੂੰ ਆਖ਼ਰੀ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਵਰਕਸ਼ਾਪ ਵਿੱਚ ਖੁੱਲ੍ਹੇ ਪਏ ਟਾਇਰ ਅਤੇ ਹੋਰ ਸਾਮਾਨ ਨੂੰ ਢਕ ਕੇ ਰੱਖਿਆ ਜਾਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਯਕੀਨੀ ਬਣਾਉਣ ਕਿ ਸਕੂਲਾਂ ਦੇ ਵਿਦਿਆਰਥੀ ਪੂਰੀ ਵਰਦੀ ਅਤੇ ਜੁੱਤੇ ਪਾਉਣ। ਮੀਟਿੰਗ ਵਿੱਚ ਡੇਂਗੂ ਦੇ ਨਾਲ-ਨਾਲ ਚਿਕਨਗੁਨੀਆ ਬੁਖਾਰ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਨਗਰ ਨਿਗਮ ਲੁਧਿਆਣਾ ਨੂੰ ਡੇਂਗੂ ਪ੍ਰਭਾਵਿਤ ਸ਼ਹਿਰ ਦੇ ਹਾਈ ਰਿਸਕ ਏਰੀਏ ਅਤੇ ਬਾਕੀ ਸਾਰੇ ਸ਼ਹਿਰੀ ਏਰੀਏ ਵਿੱਚ ਫੌਗਿੰਗ ਸਬੰਧੀ ਕਿਹਾ ਗਿਆ। ਡੇਂਗੂ ਕਾਰਨ ਔਰਤ ਦੀ ਮੌਤ ਅਮਲੋਹ (ਪੱਤਰ ਪ੍ਰੇਰਕ): ਵਾਰਡ ਨੰਬਰ 7 ਦੇ ਕੌਂਸਲਰ ਦੇ ਪਤੀ ਰਾਜਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਡੇਂਗੂ ਕਾਰਨ ਜੋਤੀ (33) ਨਾਮੀਂ ਔਰਤ ਦੀ ਮੌਤ ਹੋ ਗਈ ਅਤੇ ਡੇਂਗੂ ਦੇ ਤਿੰਨ ਹੋਰ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਨਗਰ ਕੌਂਸਲ ਦੀ ਪ੍ਰਧਾਨ ਕਿਰਨ ਸੂਦ ਨੇ ਕਿਹਾ ਕਿ ਸ਼ਹਿਰ ਵਿੱਚ ਰੋਜਾਨਾ ਸਫ਼ਾਈ ਦੀ ਮੁਹਿੰਮ ਚਲਾਈ ਗਈ ਹੈ ਅਤੇ ਸਿਹਤ ਵਿਭਾਗ ਵੱਲੋਂ ਘਰ ਘਰ ਜਾ ਕੇ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।