ਚਾਰ ਸਾਲਾ ਬੱਚੀ ਨਾਲ ਕਿਰਾਏਦਾਰ ਵੱਲੋਂ ਜਬਰ ਜਨਾਹ

10

October

2018

ਲੁਧਿਆਣਾ, ਸਨਅਤੀ ਸ਼ਹਿਰ ਵਿੱਚ ਇੱਕ ਨੌਜਵਾਨ ਨੇ ਆਪਣੇ ਮਕਾਨ ਮਾਲਕ ਦੀ ਚਾਰ ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰ ਦਿੱਤਾ। ਪੁਲੀਸ ਨੇ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਬਿਹਾਰ ਦੇ ਵਾਸੀ ਦਵਿੰਦਰ ਕੁਮਾਰ ਉਰਫ਼ ਛੋਟੂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੀੜਤਾ ਦੀ ਮੈਡੀਕਲ ਜਾਂਚ ਕਰਵਾ ਕੇ ਉਸ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਬੱਚੀ ਦੇ ਪਿਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਫੈਕਟਰੀ ’ਚ ਕੰਮ ਕਰਦਾ ਹੈ। ਉਸ ਨੇ ਆਪਣੇ ਘਰ ’ਚ ਦਵਿੰਦਰ ਨੂੰ ਕਿਰਾਏ ’ਤੇ ਰੱਖਿਆ ਹੋਇਆ ਹੈ। ਦੋ ਦਿਨ ਪਹਿਲਾਂ ਉਹ ਆਪਣੀ ਪਤਨੀ ਨਾਲ ਸਾਮਾਨ ਖਰੀਦਣ ਗਿਆ ਸੀ। ਪਿੱਛੋਂ ਬੱਚੇ ਘਰ ’ਚ ਇਕੱਲੇ ਸਨ। ਮੁਲਜ਼ਮ ਮੌਕਾ ਦੇਖ ਕੇ ਬੱਚੀ ਨੂੰ ਚੀਜ਼ ਦਿਵਾਉਣ ਦੇ ਨਾਮ ’ਤੇ ਲੈ ਗਿਆ ਤੇ ਉਸ ਨੂੰ ਆਪਣੇ ਕਮਰੇ ’ਚ ਲਿਜਾ ਕੇ ਜਬਰ ਜਨਾਹ ਕੀਤਾ। ਦਵਿੰਦਰ ਨੇ ਬੱਚੀ ਨੂੰ ਡਰਾ ਦਿੱਤਾ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ। ਜਦੋਂ ਬੱਚੀ ਦੇ ਪਰਿਵਾਰ ਵਾਲੇ ਕੁਝ ਸਮੇਂ ਬਾਅਦ ਘਰ ਆਏ ਤਾਂ ਬੱਚੀ ਦੇ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ। ਬੱਚੀ ਦੇ ਪਿਤਾ ਜਦੋਂ ਮੁਲਜ਼ਮ ਦੇ ਕਮਰੇ ’ਚ ਗਏ ਤਾਂ ਉਹ ਉਥੋਂ ਫ਼ਰਾਰ ਹੋ ਚੁੱਕਾ ਸੀ। ਦੇਰ ਰਾਤ ਨੂੰ ਵੀ ਉਹ ਘਰ ਨਹੀਂ ਆਇਆ, ਜਿਸ ਤੋਂ ਬਾਅਦ ਪੀੜਤ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।