ਪੁਲੀਸ ਨੇ ਮਹਿਲ ਵੱਲ ਜਾਂਦੀਆਂ ਆਸ਼ਾ ਵਰਕਰਾਂ ਫੁਹਾਰਾ ਚੌਕ ’ਤੇ ਰੋਕੀਆਂ

10

October

2018

ਪਟਿਆਲਾ ਪੰਜਾਬ ਭਰ ਤੋਂ ਆਈਆਂ ਸੈਂਕੜੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੇ ਅੱਜ ਇਥੇ ਰੋਸ ਮੁਜ਼ਾਹਰਾ ਕੀਤਾ। ਬੱਸ ਅੱਡੇ ਨੇੜਲੇ ਪੁਲ ਕੋਲ਼ ਇਕੱਤਰ ਹੋਈਆਂ ਇਨ੍ਹਾਂ ਮਹਿਲਾ ਮੁਲਾਜ਼ਮਾ ਦਾ ਕਾਫ਼ਲਾ ਜਦੋਂ ਮਿਥੇ ਟੀਚੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਵਧਿਆ, ਤਾਂ ਪੁਲੀਸ ਨੇ ਉਨ੍ਹਾਂ ਨੂੰ ਫੁਹਾਰਾ ਚੌਕ ’ਤੇ ਰੋਕ ਲਿਆ। ਇਸ ਕਾਰਨ ਉਨ੍ਹਾਂ ਨੇ ਇਥੇ ਹੀ ਧਰਨਾ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਅਧੀਨ ਆਉਂਦੀ ‘ਆਲ ਇੰਡੀਆ ਆਸ਼ਾ ਵਰਕਰ ਯੂਨੀਅਨ (ਏਟਕ) ਦਾ ਇਹ ਮੁਜ਼ਾਹਰਾ ਮੁੱਖ ਰੂਪ ਵਿਚ ਤਨਖਾਹ ਵਧਾਉਣ ਦੀ ਮੰਗ ’ਤੇ ਆਧਾਰਿਤ ਸੀ ਕਿਉਂਕਿ ਫੈਸਿਲੀਟੇਟਰ ਨੂੰ 35 ਸੌ ਰੁਪਏ ਮਹੀਨਾ ਬੱਝਵੇਂ ਮਿਲਦੇ ਹਨ ਤੇ ਆਸ਼ਾ ਵਰਕਰਾਂ ਨੂੰ ਇੰਸੈਟਿਵ ਤਹਿਤ ਕਰੀਬ ਦੋ ਹਜ਼ਾਰ ਰੁਪਏ ਮਹੀਨਾ ਮਿਲਦੇ ਹਨ। ਹੁਣ ਇਹ ਮੁਲਾਜ਼ਮ ਕ੍ਰਮਵਾਰ 25 ਹਜ਼ਾਰ ਅਤੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਮੰਗ ਕਰ ਰਹੇ ਹਨ। ਜਥੇਬੰਦੀ ਦੀ ਕਾਰਜਕਾਰੀ ਪ੍ਰਧਾਨ ਦਰਗੋ ਬਾਈ, ਜਨਰਲ ਸਕੱਤਰ ਜਸਵਿੰਦਰ ਕੌਰ ਮੋਗਾ, ਸੀਮਾ ਸੋਹਲ ਤਰਨ ਤਾਰਨ, ਬਲਬੀਰ ਕੌਰ ਲੁਧਿਆਣਾ ਤੇ ਬਿਮਲਾ ਰਾਣੀ ਆਦਿ ਦਾ ਕਹਿਣਾ ਸੀ ਕਿ ਪੰਜਾਬ ’ਚ ਚਾਰ ਹਜ਼ਾਰ ਆਸ਼ਾ ਵਰਕਰਾਂ ਹਨ, ਜੋ 48 ਘੰਟੇ ਦੀ ਡਿਊਟੀ ਦੇ ਕੇ ਸਰਕਾਰ ਵੱਲੋਂ ਲਾਈਆਂ ਗਈਆਂ 48 ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ। ਪਰ ਸਰਕਾਰ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਮੌਕੇ ਆਗੂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਢਿੱਲੋਂ, ਨਿਰਮਲ ਸਿੰਘ ਧਾਲੀਵਾਲ, ਹਰਭਜਨ ਸਿੰਘ, ਰਣਜੀਤ ਸਿੰਘ ਰਾਣਵਾ, ਅਸੀਸ ਜੁਲਾਹਾ, ਅਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ। ਉਧਰ ਪੁਲੀਸ ਵੱਲੋਂ ਰੋਕੇ ਜਾਣ ’ਤੇ ਫੁਹਾਰਾ ਚੌਕ ’ਤੇ ਦਿੱਤੇ ਧਰਨੇ ਦੌਰਾਨ ਪੁੱਜੇ ਤਹਿਸੀਲਦਾਰ ਰਾਹੀਂ ਸਰਕਾਰ ਦੇ ਨਾਮ ਮੰਗ ਪੱਤਰ ਦੇਣ ਉਪਰੰਤ ਧਰਨਾ ਸਮਾਪਤ ਹੋ ਗਿਆ।