ਮਾਸਕੋ ਤੇ ਦਿੱਲੀ ਵਿਚਾਲੇ ‘ਟਵਿਨ ਸਿਟੀ ਸਮਝੌਤਾ’ ਸਹੀਬੰਦ

06

October

2018

ਨਵੀਂ ਦਿੱਲੀ, ਮਾਸਕੋ ਤੇ ਦਿੱਲੀ ਦਰਮਿਆਨ ਅੱਜ ‘ਟਵਿਨ ਸਿਟੀ ਸਮਝੌਤਾ’ ਸਹੀਬੰਦ ਕੀਤਾ ਗਿਆ ਜਿਸ ਵਿੱਚ ਅਗਲੇ 3 ਸਾਲਾਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਦੋਨੋਂ ਸ਼ਹਿਰ ਆਪਸੀ ਸਹਿਯੋਗ ਕਰਨਗੇ। ਇਸ ਸਮਝੌਤੇ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮਾਸਕੋ ਸ਼ਹਿਰ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਸੇਰਗੇਈ ਚੇਰੇਮਿਨ ਵੱਲੋਂ ਦਿੱਲੀ ਸਕੱਤਰੇਤ ਵਿਖੇ ਦਸਤਖ਼ਤ ਕੀਤੇ ਗਏ। ਸਮਝੌਤੇ ਤਹਿਤ ਪ੍ਰਦੂਸ਼ਣ ਕੰਟਰੋਲ ਤੇ ਵਾਤਾਵਰਣ ਦੀ ਸਾਂਭ, ਸੱਭਿਆਚਾਰ ਤੇ ਟੂਰਿਜ਼ਮ ਖੇਤਰ, ਸਿਹਤ ਸੇਵਾਵਾਂ, ਸਿੱਖਿਆ, ਖੇਡਾਂ, ਟਰਾਂਸਪੋਰਟ ਪ੍ਰਬੰਧ ਤੇ ਈ-ਗਵਰਨੈਂਸ ਦੇ ਖੇਤਰਾਂ ਵਿੱਚ ਸਹਿਯੋਗ ਦੀ ਹਾਮੀ ਭਰੀ ਗਈ। ਦੋਨਾਂ ਸ਼ਹਿਰਾਂ ਦਰਿਮਆਨ ਆਪਸੀ ਸਬੰਧ ਲੰਬੇ ਸਮੇਂ ਤੋਂ ਹਨ ਤੇ ਇਸ ਤੋਂ ਪਹਿਲਾਂ 25 ਸਤੰਬਰ 2002 ਨੂੰ ਤੇ ਆਖ਼ਰੀ ਸਮਝੌਤਾ 26 ਅਕਤੂਬਰ 2012 ਨੂੰ ਕੀਤਾ ਗਿਆ ਸੀ। 2006 ਦੌਰਾਨ ‘ਮਾਸਕੋ ਵਿੱਚ ਦਿੱਲੀ ਦੇ ਦਿਨ’ ਤੇ 2008 ਦੌਰਾਨ ‘ਦਿੱਲੀ ਵਿੱਚ ਮਾਸਕੋ ਦੇ ਦਿਨ’ ਕਈ ਪ੍ਰੋਗਰਾਮ ਕਰਕੇ ਮਨਾਏ ਗਏ ਸਨ। 2013 ਨੂੰ ਮਾਸਕੋ ਵਿੱਚ 2 ਗੋਲਮੇਜ਼ ਕਾਨਫਰੰਸਾਂ ਦੁਵੱਲੇ ਸ਼ਹਿਰੀ ਸਬੰਧਾਂ ਬਾਰੇ ਕੀਤੀਆਂ ਗਈਆਂ ਸਨ।