Dhanteras 2019 Date and Muhurat : ਅੱਜ ਹੈ ਧਨਤੇਰਸ, ਜਾਣੋ ਕਿਸ ਮਹੂਰਤ 'ਚ ਕਰੀਏ ਖ਼ਰੀਦਦਾਰੀ

25

October

2019

ਨਵੀਂ ਦਿੱਲੀ : Dhanteras 2019 Date and Muhurat : ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੁੰਦਾ ਹੈ। ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਨੂੰ ਧਨਤੇਰਸ ਮਨਾਈ ਜਾਂਦੀ ਹੈ ਜੋ ਇਸ ਸਾਲ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਹੈ। ਇਸ ਦਿਨ ਦੇਵਤਿਆਂ ਦੇ ਵੈਦ ਧਨਵੰਤਰੀ ਦੀ ਪੂਜਾ ਦਾ ਵਿਧਾਨ ਹੈ। ਇਨ੍ਹਾਂ ਦੀ ਪੂਜਾ ਨਾਲ ਵਿਅਕਤੀ ਨੂੰ ਅਰੋਗ ਤੇ ਨਿਰੋਗੀ ਜੀਵਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਧਨਵੰਤਰੀ ਨੂੰ ਭਗਵਾਨ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਜਾਂਦਾ ਹੈ। ਇਸ ਕਰਕੇ ਮਨਾਈ ਜਾਂਦੀ ਹੈ ਧਨਤੇਰਸ ਪੁਰਾਤਨ ਮਾਨਤਾਵਾਂ ਅਨੁਸਾਰ ਸਮੁੰਦਰ ਮੰਥਨ ਵੇਲੇ ਸ਼ਰਦ ਪੁੰਨਿਆ ਨੂੰ ਚੰਦਰਮਾ, ਕੱਤਕ ਦਵਾਦਸ਼ੀ ਨੂੰ ਕਾਮਧੇਨੂ ਗਾਂ, ਤ੍ਰਿਓਦਸ਼ੀ ਨੂੰ ਧਨਵੰਤਰੀ, ਚਤੁਰਦਸ਼ੀ ਨੂੰ ਮਾਂ ਕਾਲੀ ਤੇ ਮੱਸਿਆ ਨੂੰ ਲਕਸ਼ਮੀ ਮਾਤਾ ਸਾਗਰ ਤੋਂ ਉਤਪੰਨ ਹੋਈਆਂ ਸਨ। ਕੱਤਕ ਕ੍ਰਿਸ਼ਨ ਤ੍ਰਿਓਦਸ਼ੀ ਨੂੰ ਧਨਵੰਤਰੀ ਦਾ ਜਨਮ ਮੰਨਿਆ ਜਾਂਦਾ ਹੈ, ਇਸ ਲਈ ਧਨਵੰਤਰੀ ਦੇ ਜਨਮ ਦਿਹਾੜੇ ਮੌਕੇ ਧਨਤੇਰਸ ਮਨਾਈ ਜਾਂਦੀ ਹੈ। ਧਨਤੇਰਸ ਨੂੰ ਹੋਈ ਆਯੁਰਵੈਦ ਦੀ ਉਤਪਤੀ ਕਿਹਾ ਜਾਂਦਾ ਹੈ ਕਿ ਸਮੁੰਦਰ ਮੰਥਨ ਵੇਲੇ ਧਨਵੰਤਰੀ ਨੇ ਸੰਸਾਰ ਨੂੰ ਅੰਮ੍ਰਿਤ ਪ੍ਰਦਾਨ ਕੀਤਾ ਸੀ। ਉਨ੍ਹਾਂ ਹੀ ਧਨਤੇਰਸ ਵਾਲੇ ਦਿਨ ਆਯੁਰਵੈਦ ਦੀ ਵੀ ਉਤਪਤੀ ਹੋਈ ਸੀ ਜਿਸ ਨਾਲ ਅੱਜ ਵੀ ਮਨੁੱਖ ਜਾਤੀ ਦਾ ਕਲਿਆਣ ਹੋ ਰਿਹਾ ਹੈ ਤੇ ਉਹ ਨਿਰੋਗੀ ਕਾਇਆ ਪ੍ਰਾਪਤ ਕਰ ਰਹੇ ਹਨ। ਧਨਤੇਰਸ ਦਾ ਸ਼ੁੱਭ ਮਹੂਰਤ ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ਹੁੰਦੀ ਹੈ। ਇਸ ਸਾਲ ਕੱਤਕ ਕ੍ਰਿਸ਼ਨ ਤ੍ਰਿਓਦਸ਼ੀ 25 ਅਕਤੂਬਰ ਨੂੰ ਦਿਨ ਵੇਲੇ 4:32PM ਤੋਂ ਸ਼ੁਰੂ ਹੋ ਰਹੀ ਹੈ, ਜੋ ਅਗਲੇ ਦਿਨ 26 ਅਕਤੂਬਰ ਨੂੰ ਦੁਪਹਿਰੇ 2:08PM ਤਕ ਰਹੇਗੀ। ਅਜਿਹੇ ਵਿਚ ਧਨਤੇਰਸ 25 ਅਕਤੂਬਰ ਨੂੰ ਮਨਾਈ ਜਾਵੇਗੀ। ਧਨਤੇਰਸ ਵਾਲੇ ਦਿਨ ਲੋਕ ਸੋਨੇ ਜਾਂ ਚਾਂਦੀ ਦੇ ਗਹਿਣੇ ਤੇ ਸਿੱਕੇ, ਬਰਤਨ, ਖੀਲ-ਬਤਾਸ਼ੇ, ਮਿੱਟੀ ਦੇ ਦੀਵੇ, ਮੋਮਬੱਤੀਆਂ ਆਦਿ ਖਰੀਦਦੇ ਹਨ। ਕਈ ਥਾਈਂ ਧਨਤੇਰਸ ਵਾਲੇ ਦਿਨ ਹੀ ਦੀਵਾਲੀ ਪੂਜਾ ਲਈ ਗਣੇਸ਼ ਜੀ ਤੇ ਮਾਂ ਲਕਸ਼ਮੀ ਦੀਆਂ ਮੂਰਤੀਆਂ ਜਾਂ ਤਸਵੀਰਾਂ ਵੀ ਖਰੀਦੇ ਜਾਂਦੇ ਹਨ।