ਨਵਾਂ ਗੰਨਾ ਆਇਆ, ਪਿਛਲੇ ਸਾਲ ਦਾ 500 ਕਰੋੜ ਬਕਾਇਆ

06

October

2018

ਚੰਡੀਗੜ੍ਹ, ਗੰਨੇ ਦੀ ਪਿੜਾਈ ਦਾ ਨਵਾਂ ਸੀਜ਼ਨ ਆਣ ਢੁੱਕਾ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 2017-18 ਦੇ ਸੀਜ਼ਨ ਦਾ ਲਗਪਗ ਪੰਜ ਸੌ ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਮੁੱਖ ਸਕੱਤਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ 30 ਸਤੰਬਰ ਤੱਕ ਅਦਾਇਗੀ ਜੋ ਜਾਣ ਦਾ ਵਾਅਦਾ ਵਫ਼ਾ ਨਹੀਂ ਹੋਇਆ। ਕੇਂਦਰ ਸਰਕਾਰ ਨੇ 2018-19 ਦੇ ਸੀਜ਼ਨ ਲਈ ਗੰਨੇ ਦਾ ਨਿਰਪੱਖ ਅਤੇ ਲਾਭਕਾਰੀ ਮੁੱਲ (ਐੱਫਆਰਪੀ) 275 ਰੁਪਏ ਕੁਇੰਟਲ ਐਲਾਨ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਨਵੇਂ ਸੀਜ਼ਨ ਲਈ ਗੰਨੇ ਦੀ ਸਟੇਟ ਸਲਾਹਕਾਰੀ ਕੀਮਤ (ਐੱਸਏਪੀ) ਨਿਰਧਾਰਤ ਨਹੀਂ ਕੀਤੀ। ਪੰਜਾਬ ਦੀਆਂ 9 ਸਹਿਕਾਰੀ ਅਤੇ 7 ਪ੍ਰਾਈਵੇਟ ਮਿੱਲਾਂ ਨੇ ਪਿਛਲੇ ਸਾਲ 22 ਨਵੰਬਰ ਤੋਂ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਸੀ ਅਤੇ 30 ਅਪਰੈਲ ਤੱਕ ਪਿੜਾਈ ਦਾ ਸੀਜ਼ਨ ਰਿਹਾ। ਇਨ੍ਹਾਂ ਵਿੱਚੋਂ ਸਹਿਕਾਰੀ ਮਿੱਲਾਂ ਦਾ 230 ਕਰੋੜ ਅਤੇ ਪ੍ਰਾਈਵੇਟ ਮਿੱਲਾਂ ਦਾ 265 ਕਰੋੜ ਰੁਪਏ ਬਕਾਇਆ ਹੈ। ਗੰਨਾ ਇੱਕ ਸਾਲ ਦੀ ਫਸਲ ਹੈ ਅਤੇ ਛੇ-ਛੇ ਮਹੀਨੇ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਰਹੀ ਹੈ। ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਗੰਨਾ ਉਤਪਾਦਕਾਂ ਦੀ ਹੋਈ ਮੀਟਿੰਗ ਦੌਰਾਨ 30 ਸਤੰਬਰ ਤੱਕ ਪੂਰਾ ਬਕਾਇਆ ਅਦਾ ਕਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਗੰਨਾ ਕੰਟਰੋਲ ਆਰਡਰ 1966 ਅਨੁਸਾਰ ਮਿੱਲ ਵਿੱਚ ਗੰਨਾ ਵੇਚ ਦਿੱਤੇ ਜਾਣ ਤੋਂ 14 ਦਿਨਾਂ ਅੰਦਰ ਭੁਗਤਾਨ ਨਾ ਹੋਣ ’ਤੇ 15 ਫੀਸਦ ਸਾਲਾਨਾ ਵਿਆਜ਼ ਦਰ ਸ਼ਾਮਿਲ ਕਰਕੇ ਰਾਸ਼ੀ ਦੇਣੀ ਪੈਂਦੀ ਹੈ। ਲੰਘੇ ਸਾਲ ਪੰਜਾਬ ਸਰਕਾਰ ਨੇ 22 ਨਵੰਬਰ ਨੂੰ ਮੀਟਿੰਗ ਕਰਕੇ ਗੰਨੇ ਦੀ ਸਟੇਟ ਸਲਾਹਕਾਰੀ ਕੀਮਤ 310 ਰੁਪਏ ਕੁਇੰਟਲ ਐਲਾਨੀ ਸੀ। ਉਸ ਸਮੇਂ ਕੇਂਦਰ ਵੱਲੋਂ ਐੱਫਆਰਪੀ 255 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਗਈ ਸੀ। ਇਸ ਵਾਰ ਕੇਂਦਰ ਨੇ ਐੱਫਆਰਪੀ ਵਿੱਚ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਸੂਤਰਾਂ ਅਨੁਸਾਰ ਇਸ ਸਾਲ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਐੱਸਏਪੀ ਵਿੱਚ ਵਾਧੇ ਦੀ ਸੰਭਾਵਨਾ ਨਹੀਂ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਸ਼ਾਇਦ ਇਸੇ ਕਰਕੇ ਤੁਰੰਤ ਮੀਟਿੰਗ ਕਰਨ ਤੋਂ ਵੀ ਟਾਲਾ ਵੱਟ ਰਹੀ ਹੈ। ਗੰਨੇ ਦੇ ਨਵੇਂ ਭਾਅ ਦਾ ਫ਼ੈਸਲਾ ਜਲਦੀ: ਕਮਿਸ਼ਨਰ ਪੰਜਾਬ ਦੇ ਕੇਨ ਕਮਿਸ਼ਨਰ ਜਸਵੰਤ ਸਿੰਘ ਨੇ ਕਿਹਾ ਕਿ ਜਲਦ ਹੀ ਸ਼ੂਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਵਿੱਚ ਗੰਨੇ ਦੇ ਨਵੇਂ ਭਾਅ ਦਾ ਫ਼ੈਸਲਾ ਕੀਤਾ ਜਾਵੇਗਾ। ਇਸੇ ਮੀਟਿੰਗ ਵਿੱਚ ਹੀ ਗੰਨੇ ਦੀ ਪਿੜਾਈ ਦੀ ਸ਼ੁਰੂਆਤੀ ਤਾਰੀਖ਼ ਵੀ ਐਲਾਨ ਦਿੱਤੀ ਜਾਵੇਗੀ। ਕਿਸਾਨਾਂ ਦੇ ਬਕਾਏ ਦੀ ਅਦਾਇਗੀ ਲਈ ਵੀ ਕੋਸ਼ਿਸ਼ ਹੋ ਰਹੀ ਹੈ ਅਤੇ ਹਰ ਰੋਜ਼ ਕੁਝ ਅਦਾਇਗੀ ਕੀਤੀ ਵੀ ਜਾ ਰਹੀ ਹੈ। ਕਿਸਾਨ ਨੂੰ ਫਸਲ ਬਰਬਾਦ ਹੋਣ ਦਾ ਡਰ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਗੰਨਾ ਉਤਪਾਦਕ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਅਜੇ ਤੱਕ ਮਿੱਲਾਂ ਅਤੇ ਕਿਸਾਨਾਂ ਦਰਮਿਆਨ ਬਾਂਡ ਭਰਨ ਦਾ ਕੰਮ ਵੀ ਪੂਰਾ ਨਹੀਂ ਹੋਇਆ। ਜੇਕਰ ਕਸ਼ਮਕਸ਼ ਚੱਲਦੀ ਹੈ ਤਾਂ ਗੰਨੇ ਦੀ ਫਸਲ ਬਰਬਾਦ ਹੋ ਸਕਦੀ ਹੈ।