ਜ਼ਹਿਰੀਲਾ ਚਾਰਾ: ਚਾਰ ਹੋਰ ਪਸ਼ੂ ਮਰੇ

31

July

2019

ਐਸ.ਏ.ਐਸ. ਨਗਰ (ਮੁਹਾਲੀ), ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ 116 ਹੋ ਗਈ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਉਸ ਦੀ ਇਕ ਵੱਛੀ ਵੀ ਮਰ ਗਈ ਹੈ। ਪੀੜਤ ਤਰਸੇਮ ਲਾਲ ਨੇ ਦੱਸਿਆ ਕਿ ਅੱਜ ਉਸ ਦੀ ਇਕ ਮੱਝ ਅਤੇ ਗਾਂ ਮਰ ਗਈ ਹੈ। ਪਿੰਡ ਸਫ਼ੀਪੁਰ ਦੇ ਸਰਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ ਨਿਰਮਲ ਸਿੰਘ ਦੇ ਫਾਰਮ ਵਿੱਚ ਲੰਘੀ ਰਾਤ ਇਕ ਹੋਰ ਮੱਝ ਮਰ ਗਈ ਹੈ। ਉਧਰ, ਅੱਜ ਸ਼ਾਮੀ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਅਤੇ ਮੁਹਾਲੀ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਪਿੰਡ ਕੰਡਾਲਾ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਅਤੇ ਜਥੇਦਾਰ ਪ੍ਰੇਮ ਸਿੰਘ ਝਿਊਰਹੇੜੀ ਸਾਬਕਾ ਸਰਪੰਚ ਵੀ ਹਾਜ਼ਰ ਸਨ। ਇਸ ਮੌਕੇ ਐਨਕੇ ਸ਼ਰਮਾ ਨੇ ਪੀੜਤਾਂ ਨੂੰ ਪਸ਼ੂਆਂ ਦੀ ਮੌਤ ਨਾਲ ਹੋਏ ਨੁਕਸਾਨ ਸਬੰਧੀ ਬਿੱਲ ਦੇ ਰੂਪ ਵਿੱਚ ਲਿਖਤੀ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਡੇਅਰੀ ਫਾਰਮਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਮਾਮਲਾ ਚੁੱਕਿਆ ਜਾਵੇਗਾ। ਪਸ਼ੂ ਪਾਲਣ ਵਿਭਾਗ ਨੂੰ ਮ੍ਰਿਤਕ ਪਸ਼ੂਆਂ ਦੀ ਪੋਸਟਮਾਰਟਮ ਅਤੇ ਪਸ਼ੂਆਂ ਨੂੰ ਪਰੋਸੇ ਜਾ ਰਹੇ ਚਾਰੇ ਅਤੇ ਫੀਡ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਨਹੀਂ ਮਿਲੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਮਲਜੀਤ ਸਿੰਘ ਮਾਹਲ ਨੇ ਦੱਸਿਆ ਕਿ ਰੀਜ਼ਨਲ ਡੀਡਜ ਡਾਇਗਨੋਸਟਿਕ ਲੈਬਾਰਟਰੀ ਜਲੰਧਰ ਨੂੰ ਮ੍ਰਿਤਕ ਪਸ਼ੂਆਂ ਦੇ ਪੋਸਟਮਾਰਟਮ ਦੀ ਰਿਪੋਰਟ ਜਲਦੀ ਦੇਣ ਲਈ ਆਖਿਆ ਗਿਆ ਹੈ ਤੇ ਸਥਿਤੀ ਕਾਬੂ ਹੇਠ ਹੈ। ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਦਿਹਾਤੀ ਵਿਕਾਸ ਫੰਡ ’ਚੋਂ ਪੀੜਤ ਪਸ਼ੂ ਪਾਲਕਾਂ ਨੂੰ ਘੱਟੋ ਘੱਟ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਤੋਂ ਰਿਪੋਰਟ ਤਲਬ ਜਾਂਚ ਅਧਿਕਾਰੀ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਵੱਲੋਂ ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਜਾ ਰਹੀ ਹੈ ਅਤੇ ਬੁੱਧਵਾਰ ਨੂੰ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਪਸ਼ੂਆਂ ਦੀ ਮੌਤ ਬਾਰੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਾਂ ਵਿੱਚ ਫੀਡ ਅਤੇ ਚਾਰਾ ਸਪਲਾਈ ਕਰਨ ਵਾਲਾ ਮੀਆਂ ਨਾਂ ਦਾ ਵਿਅਕਤੀ ਫਰਾਰ ਹੈ। ਸੋਹਾਣਾ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਉਧਰ, ਹੁਣ ਪਸ਼ੂਆਂ ਦੀ ਮੌਤ ਤੋਂ ਬਾਅਦ ਡੇਅਰੀ ਫਾਰਮਰਾਂ ਨੇ ਆਪਣੀ ਬਾਕੀ ਪਸ਼ੂਆਂ ਨੂੰ ਹਰਾ ਚਾਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪਸ਼ੂਆਂ ਦੀ ਮੌਤ ਚਾਰੇ ਵਿੱਚ ਚੂਹੇ ਮਾਰ ਦਵਾਈ ਰਲਣ ਕਾਰਨ ਹੋਈ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।