ਬੇਨਾਮੀ ਰਾਸ਼ੀ ਲੱਭਣ ਲਈ ਪੁਲੀਸ ਨੇ ਅਕਾਲੀਆਂ ਦੇ ਘਰ ਛਾਪੇ ਮਾਰੇ

02

May

2019

ਫ਼ਰੀਦਕੋਟ, ਪਿੰਡ ਹਰਦਿਆਲੇਆਣਾ ਦੇ ਕੁਝ ਵਿਅਕਤੀਆਂ ਦੇ ਘਰ ਕਥਿਤ ਦੋ ਕਰੋੜ ਰੁਪਏ ਦੀ ਬੇਨਾਮੀ ਰਾਸ਼ੀ ਹੋਣ ਦਾ ਫਰੀਦਕੋਟ ਪੁਲੀਸ ਨੂੰ ਪਤਾ ਲੱਗਾ ਹੈ। ਪੁਲੀਸ ਨੇ ਇਸ ਬੇਨਾਮੀ ਰਾਸ਼ੀ ਦੀ ਬਰਾਮਦਗੀ ਲਈ ਪਿੰਡ ਹਰਦਿਆਲੇਆਣਾ ਵਿੱਚ ਤਿੰਨ ਛਾਪੇ ਮਾਰੇ ਅਤੇ ਕੁਝ ਘਰਾਂ ਦੀ ਤਲਾਸ਼ੀ ਵੀ ਲਈ, ਜਿਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਉਹ ਸਾਰੇ ਘਰ ਸ਼੍ਰੋਮਣੀ ਅਕਾਲੀ ਦੇ ਆਗੂਆਂ ਤੇ ਵਰਕਰਾਂ ਨਾਲ ਸਬੰਧਤ ਹਨ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਇਹ 2 ਕਰੋੜ ਰੁਪਏ ਕਥਿਤ ਚੋਣਾਂ ਵਿੱਚ ਵਰਤੇ ਜਾਣੇ ਸਨ ਅਤੇ ਇਸ ਬੇਨਾਮੀ ਰਾਸ਼ੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁਝ ਵਿਅਕਤੀਆਂ ਨੇ ਇਸ ਰਾਸ਼ੀ ਦਾ ਕੁਝ ਹਿੱਸਾ ਸਤਲੁਜ ਗ੍ਰਾਮੀਣ ਬੈਂਕ ਦੀ ਪਿੰਡ ਪੱਖੀ ਕਲਾਂ ਦੀ ਬਰਾਂਚ ਵਿੱਚ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ 27 ਅਪਰੈਲ ਸ਼ਾਮ ਨੂੰ ਸਦਰ ਪੁਲੀਸ ਫਰੀਦਕੋਟ ਨੇ ਸ਼ਮਿੰਦਰ ਸਿੰਘ ਵਾਸੀ ਹਰਦਿਆਲੇਆਣਾ ਦੇ ਘਰ ਛਾਪਾ ਮਾਰਿਆ ਅਤੇ ਇਸ ਤੋਂ ਇੱਕ ਦਿਨ ਬਾਅਦ ਰੌਣਕ ਦੇ ਘਰ ਦੀ ਤਲਾਸ਼ੀ ਲਈ ਗਈ। ਪੁਲੀਸ ਨੇ ਪਿੰਡ ਦੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਨੂੰ ਵੀ ਇਸ ਵਿਵਾਦ ਦੇ ਘੇਰੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਸ਼ਮਿੰਦਰ ਸਿੰਘ, ਰੌਣਕ ਸਿੰਘ ਅਤੇ ਗੁਰਸੇਵਕ ਸਿੰਘ ਨੇ ਅੱਜ ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ, ਡਿਪਟੀ ਕਮਿਸ਼ਨਰ ਅਤੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਹੈ ਕਿ ਪੁਲੀਸ ਉਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਸਦਰ ਪੁਲੀਸ ਨੇ 2 ਕਰੋੜ ਦੀ ਬਰਾਮਦਗੀ ਸਬੰਧੀ ਪਿੰਡ ਹਰਦਿਆਲੇਆਣਾ ਵਿੱਚ ਕੋਈ ਛਾਪਾ ਮਾਰਿਆ ਹੈ। ਥਾਣਾ ਸਦਰ ਦੇ ਮੁਖੀ ਕਸ਼ਮੀਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹਾਲ ਦੀ ਘੜੀ ਕੋਈ ਟਿੱਪਣੀ ਨਹੀਂ ਕਰ ਸਕਦੇ। ਚੋਣ ਕਮਿਸ਼ਨ ਪੰਜਾਬ ਨੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ‘ਚ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਰਿਪੋਰਟ ਦੇਣ ਲਈ ਕਿਹਾ ਹੈ।