ਤਿਵਾੜੀ ਨੇ ਪਵਨ ਬਾਂਸਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ

19

April

2019

ਚੰਡੀਗੜ੍ਹ, 19 ਅਪਰੈਲ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੀ ਪਿੱਠ ’ਤੇ ਆ ਗਏ ਹਨ। ਅੱਜ ਸ੍ਰੀ ਤਿਵਾੜੀ ਨੇ ਸ੍ਰੀ ਬਾਂਸਲ, ਸਾਬਕਾ ਸੰਸਦ ਮੈਂਬਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨਾਲ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ। ਸ੍ਰੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦਾ ਬਾਂਸਲ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ ਅਤੇ ਉਹ ਸ੍ਰੀ ਬਾਂਸਲ ਨੂੰ ਜਿਤਾਉਣ ਲਈ ਹਰ ਸੰਭਵ ਯਤਨ ਕਰਨਗੇ। ਸ੍ਰੀ ਤਿਵਾੜੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਚੰਡੀਗੜ੍ਹ ਤੋਂ ਚੋਣ ਲੜਨ ਦਾ ਸੁਪਨਾ ਪੂਰਾ ਨਹੀਂ ਹੋਇਆ ਪਰ ਪਾਰਟੀ ਵੱਲੋਂ ਆਨੰਦਪੁਰ ਤੋਂ ਟਿਕਟ ਦੇਣ ਤੋਂ ਵੀ ਉਹ ਖੁਸ਼ ਹਨ। ਇਸ ਮੌਕੇ ਸ੍ਰੀ ਤਿਵਾੜੀ ਨੇ ਆਪਣੇ ਸਮਰਥਕ ਤੇ ਬਸਪਾ ਚੰਡੀਗੜ੍ਹ ਦੇ ਸਾਬਕਾ ਕਨਵੀਨਰ ਹਾਫਿਜ਼ ਅਨਵਰ-ਉਲ-ਹੱਕ ਅਤੇ ਉਸ ਦੀ ਪਤਨੀ ਤੇ ਸਾਬਕਾ ਕੌਸਲਰ ਜੰਨਤ ਜਹਾਨ (ਨੈਨਾ) ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਕੇ ਸ੍ਰੀ ਬਾਂਸਲ ਨੂੰ ਹੋਰ ਬਲ ਦਿੱਤਾ। ਜੰਨਤ ਜੋੜੀ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਆਏ ਮੁਹੰਮਦ ਅਜ਼ਹਰੂਦੀਨ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬੈਟਿੰਗ ਵਿਚ ਤਾਂ ਗਲਤੀ ਕੱਢ ਸਕਦੇ ਹਨ ਪਰ ਉਨ੍ਹਾਂ ਦੇ ਬੋਲਾਂ ਉਪਰ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਸ੍ਰੀ ਸਿੱਧੂ ਸ਼ਬਦਾਂ ਦੇ ਮਾਹਿਰ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਧਰਮ ਤੇ ਜਾਤ ਦੇ ਨਾਮ ਉਪਰ ਵੋਟਾਂ ਮੰਗਣ ਵਾਲੇ ਨੇਤਾਵਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬੀ ਨੂੰ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਬਣਾਉਣ ਦਾ ਭਰੋਸਾ ਉਮੀਦਵਾਰ ਪਵਨ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੇ ਹਾਈ ਕਮਾਂਡ ਕੋਲੋਂ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਵਿਚ ਸਟਾਰ ਕੰਪੇਨਰ ਵਜੋਂ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕਾਂਗਰਸ ਦਾ ਸਪਸ਼ਟ ਸਟੈਂਡ ਹੈ ਕਿ ਇਸ ਸ਼ਹਿਰ ਦਾ ਸਟੇਟਸ ਯੂਟੀ ਹੀ ਰਖਦਿਆਂ ਸਾਲ 1966 ਤੋਂ ਚਲਦਾ ਆ ਰਿਹਾ ਪੰਜਾਬ ਤੇ ਹਰਿਆਣਾ ਦਾ 60 ਫੀਸਦ ਤੇ 40 ਫੀਸਦ ਕੋਟਾ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਨਿਰਧਾਰਤ ਕਰਨ ਦੀ ਆਪਣੀ ਮੰਗ ਉਪਰ ਅੱਜ ਵੀ ਕਾਇਮ ਹੈ ਅਤੇ ਇਸ ਮੰਗ ਨੂੰ ਲਾਗੂ ਕਰਨ ਲਈ ਹਰ ਯਤਨ ਕੀਤਾ ਜਾਵੇਗਾ।