ਅਕਾਲੀ ਅਤੇ ਕਾਂਗਰਸੀ ਭਿੜੇ; ਤਿੰਨ ਜ਼ਖ਼ਮੀ

27

March

2019

ਭਿੱਖੀਵਿੰਡ, ਨਜ਼ਦੀਕੀ ਪਿੰਡ ਬੈਂਕਾਂ ਵਿਚ ਕੱਲ੍ਹ ਦੇਰ ਸ਼ਾਮ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਕਣਕ ਵੰਡਣ ਸਮੇਂ ਕਾਂਗਰਸੀ ਅਤੇ ਅਕਾਲੀਆਂ ਵਿਚਾਲੇ ਝੜੱਪ ਹੋ ਗਈ, ਜਿਸ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕੁਝ ਕਾਂਗਰਸੀ ਆਗੂ ਜਿਨ੍ਹਾਂ ਵਿੱਚ ਸਰਪੰਚ ਕਰਨਬੀਰ ਸਿੰਘ ਵੀ ਸਨ ਨੇ ਕਾਰਡਧਾਰਕ ਲੋਕਾਂ ਨੂੰ ਕਣਕ ਦੇਣ ਦੀ ਮੰਗ ਕੀਤੀ ਪਰ ਅਕਾਲੀ ਦਲ ਨਾਲ ਸਬੰਧਿਤ ਡਿਪੂ ਹੋਲਡਰ ਅਤੇ ਕਣਕ ਵੰਡਣ ਵਾਲੇ ਇੰਸਪੈਕਟਰ ਤੇਜਿੰਦਰ ਸਿੰਘ ਨੇ ਮਨ੍ਹਾਂ ਕਰ ਦਿੱਤਾ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝੜੱਪ ਹੋ ਗਈ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਕਾਂਗਰਸੀ ਆਗੂਆਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਅਕਾਲੀ ਦਲ ਦਾ ਗੁਰਬੀਰ ਸਿੰਘ ਜ਼ਖਮੀ ਹੋ ਗਿਆ, ਜੋ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੈ। ਝਗੜੇ ਵਿੱਚ ਦੋ ਕਾਂਗਰਸੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਜ਼ਖਮੀ ਗੁਰਬੀਰ ਸਿੰਘ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਸਰਕਾਰੀ ਕਣਕ ਦੀ ਵੰਡ ਕਰ ਰਹੇ ਸਨ ਕਿ ਕਾਂਗਰਸੀ ਸਰਪੰਚ ਕਰਨਬੀਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਉਥੇ ਆ ਗਿਆ। ਉਸਨੇ ਕੁਝ ਬਿਨਾਂ ਕਾਰਡਧਾਰਕਾਂ ਨੂੰ ਕਣਕ ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਨਾਂਹ ਕਰ ਦਿੱਤੀ। ਉਸ ਨੇ ਕਣਕ ਵੰਡਣੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਕਾਂਗਰਸੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਗੁਰਬੀਰ ਸਿੰਘ ਦੇ ਪੱਟ ਵਿਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਸਰਪੰਚ ਕਰਨਬੀਰ ਸਿੰਘ ਨੇ ਦੱਸਿਆ ਕਿ ਡਿੱਪੂ ਹੋਲਡਰ ਅਸਲ ਹੱਕਦਾਰ ਗਰੀਬਾਂ ਲੋਕਾਂ ਨੂੰ ਕਣਕ ਨਹੀਂ ਦੇ ਰਿਹਾ ਸੀ। ਉਸ ਨੇ ਗਰੀਬਾਂ ਨੂੰ ਕਣਕ ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਮਨ੍ਹਾਂ ਕਰ ਦਿੱਤਾ ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਲਵਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਜ਼ਖਮੀ ਹੋ ਗਏ। ਜਾਂਚ ਅਧਿਕਾਰੀ ਪੰਨਾ ਲਾਲ ਨੇ ਦੱਸਿਆ ਕਿ ਪਿੰਡ ਬੈਂਕਾਂ ਵਿਚ ਗੋਲੀ ਚੱਲਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਚੋਣ ਜ਼ਾਬਤੇ ਵਿਚ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।