Arash Info Corporation

ਚੰਦੂਮਾਜਰਾ ’ਤੇ ਜ਼ਮੀਨ ਦੀ ‘ਦੁਰਵਰਤੋਂ’ ਕਰਨ ਦਾ ਦੋਸ਼

13

March

2019

ਐਸਏਐਸ ਨਗਰ (ਮੁਹਾਲੀ), ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਿੰਡ ਚੱਪੜਚਿੜੀ ਵਿੱਚ ਆਪਣੇ ਪੁੱਤਰਾਂ (ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਵਕੀਲ ਸਿਮਰਨਜੀਤ ਸਿੰਘ ਚੰਦੂਮਾਜਰਾ) ਦੇ ਨਾਂ ’ਤੇ ਖਰੀਦੀ ਜ਼ਮੀਨ ਤੱਕ ਨਿਯਮਾਂ ਦੇ ਉਲਟ ਪੱਕੀ ਸੜਕ ਬਣਾਉਣ ਲਈ ਚਾਰਾਜੋਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੱਪੜਚਿੜੀ ਦੇ ਵਸਨੀਕਾਂ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ, ਬੀਰਦਵਿੰਦਰ ਸਿੰਘ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਈਮੇਲ ’ਤੇ ਭੇਜੀ ਸ਼ਿਕਾਇਤ ਵਿੱਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੱਸਿਆ ਗਿਆ ਹੈ ਕਿ ਸ੍ਰੀ ਚੰਦੂਮਾਜਰਾ ਨੇ ਆਪਣੇ ਦੋਵੇਂ ਪੁੱਤਰਾਂ ਦੇ ਨਾਂ ’ਤੇ ਚੱਪੜਚਿੜੀ ਦੀ ਹੱਦ ਵਿੱਚ ਕਰੀਬ ਸਾਢੇ ਤਿੰਨ ਏਕੜ ਜ਼ਮੀਨ ਖਰੀਦੀ ਹੋਈ ਹੈ। ਉਨ੍ਹਾਂ ਨੇ ਚੱਪੜਚਿੜੀ ਪੰਚਾਇਤ ਨੂੰ ਐਮਪੀ ਲੈਂਡ ਫੰਡ ’ਚੋਂ 10 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ ਤੇ ਇਸ ਰਾਸ਼ੀ ’ਚੋਂ ਕਥਿਤ ਤੌਰ ’ਤੇ ਆਪਣੇ ਖੇਤਾਂ ਤੱਕ ਪੱਕੀ ਸੜਕ ਬਣਾਉਣ ਲਈ ਦਬਾਅ ਪਾ ਰਹੇ ਹਨ। ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ। ਇਸੇ ਦੌਰਾਨ ਇਕ ਅਧਿਕਾਰੀ ਨੇ ਅਕਾਲੀ ਆਗੂ ਦੇ ਖੇਤਾਂ ਤੱਕ ਪੱਕੀ ਸੜਕ ਬਣਾਉਣ ਦਾ ਮਤਾ ਪਾਸ ਕਰਵਾ ਦਿੱਤਾ। ਬੀਰਦਵਿੰਦਰ ਸਿੰਘ ਨੇ ਮੰਗ ਕੀਤੀ ਕਿ ਜੇਕਰ ਗਰਾਮ ਪੰਚਾਇਤ ਨੇ ਗਲਤ ਮਤੇ ਪਾਸ ਕੀਤੇ ਹਨ ਤਾਂ ਪੰਚਾਇਤ ਦਾ ਰਿਕਾਰਡ ਤਲਬ ਕੀਤਾ ਜਾਵੇ। ਚੰਦੂਮਾਜਰਾ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੋਈ ਵੀ ਸੰਸਦ ਮੈਂਬਰ ਜਾਂ ਅਧਿਕਾਰੀ ਐਮਪੀ ਲੈਂਡ ਫੰਡ ਨੂੰ ਗਾਈਡਲਾਈਨਜ਼ ਤੋਂ ਬਿਨਾਂ ਖਰਚ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਦੌਰਾਨ ਪੰਜਾਬ ਭਰ ਵਿੱਚ ਖੇਤਾਂ ਵਿੱਚ ਬਣੇ ਡੇਰਿਆਂ ਅਤੇ ਘਰਾਂ ਤੱਕ ਪੱਕੀ ਸੜਕਾਂ ਬਣਾਈਆਂ ਗਈਆਂ ਸਨ। ਉਨ੍ਹਾਂ ਨੇ ਵੀ ਲੋਕ ਹਿੱਤ ਵਿੱਚ ਚੱਪੜਚਿੜੀ ਦੇ ਖੇਤਾਂ ਵਿੱਚ ਰਹਿੰਦੇ ਲੋਕਾਂ ਅਤੇ ਡੇਰਿਆਂ ਤੱਕ ਪੱਕੀ ਸੜਕ ਬਣਾਉਣ ਲਈ 10 ਲੱਖ ਦੀ ਗਰਾਂਟ ਦਿੱਤੀ ਸੀ। ਹੁਣ ਜੇਕਰ ਰਸਤੇ ਵਿੱਚ ਉਨ੍ਹਾਂ ਦੇ ਖੇਤ ਆਉਂਦੇ ਹਨ ਤਾਂ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀਰਦਵਿੰਦਰ ਸਿੰਘ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਮਾਮਲੇ ਬਾਰੇ ਸ਼ਿਕਾਇਤ ਨਹੀਂ ਮਿਲੀ: ਡੀਸੀ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਮਾਮਲੇ ਸਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।