ਮੋਤੀ ਮਹਿਲ ਵੱਲ ਜਾਂਦੇ ਅਧਿਆਪਕਾਂ ਦੀ ਖਿੱਚ-ਧੂਹ

14

January

2019

ਪਟਿਆਲਾ, ਸਾਂਝਾ ਅਧਿਆਪਕ ਮੋਰਚੇ ਦੀ ਅਹਿਮ ਧਿਰ ਐਸਐਸਏ, ਰਮਸਾ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਨੇ ਅੱਜ ਲੋਹੜੀ ਮੰਗਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਵੱਲ ਜਾਂਦਿਆਂ ਰਾਹ ’ਚ ਪੁਲੀਸ ਵੱਲੋਂ ਲਗਾਏ ਬੈਰੀਕੇਡ ਤੋੜਦਿਆਂ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਵੱਲੋਂ ਅਧਿਆਪਕਾਂ ਦੀ ਖਿੱਚ ਧੂਹ ਕੀਤੀ ਗਈ, ਜਿਸ ਕਰ ਕੇ ਕੁਝ ਅਧਿਆਪਕਾਂ ਨੂੰ ਗੁੱਝੀਆਂ ਸੱਟਾਂ ਵੀ ਲੱਗੀਆਂ। ਸੰਘਰਸ਼ ਵਿੱਚ ਸ਼ਾਮਲ ਕੁਝ ਮਹਿਲਾ ਅਧਿਆਪਕਾਂ ਨੇ ਪੁਲੀਸ ’ਤੇ ਵਾਲ ਪੁੱਟਣ ਤੇ ਖਿੱਚ-ਧੂਹ ਦੇ ਦੋਸ਼ ਲਾਏ ਹਨ। ਅਧਿਆਪਕਾਂ ਨੇ ਗਿਲਾ ਕੀਤਾ ਕਿ ਕੈਪਟਨ ਸਰਕਾਰ ਜਿੱਥੇ ਹੋਰ ਵਾਅਦਿਆਂ ਤੋਂ ਮੁੱਕਰ ਰਹੀ ਹੈ, ਉਥੇ ਇਸ ਨੇ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਦੇਣ ਤੋਂ ਵੀ ਹੱਥ ਘੁੱਟ ਲਏ ਹਨ। ਅਧਿਆਪਕਾਂ ਨੇ ਕਿਹਾ ਕਿ ਉਹ ਮਹਿਲਾਂ ਵਾਲਿਆਂ ਤੋਂ ਲੋਹੜੀ ਮੰਗਣ ਆਏ ਸਨ। ਇਸ ਤੋਂ ਪਹਿਲਾਂ ਅੱਜ ਅਧਿਆਪਕਾਂ ਦੇ ਰੋਸ ਪ੍ਰੋਗਰਾਮ ਦੇ ਮੱਦੇਨਜ਼ਰ ਮੋਤੀ ਮਹਿਲ ਤੋਂ ਥੋੜਾ ਪਿੱਛੇ ਵਾਈਪੀਐਸ ਚੌਕ ਕੋਲ ਪੁਲੀਸ ਨੇ ਬੈਰੀਕੇਡ ਲਾਏ ਹੋਏ ਸਨ। ਅਧਿਆਪਕ ਕਾਰਕੁਨਾਂ, ਜਿਨ੍ਹਾਂ ’ਚ ਕਾਫ਼ੀ ਗਿਣਤੀ ਮਹਿਲਾਵਾਂ ਦੀ ਵੀ ਸੀ, ਨੇ ਅਚਨਚੇਤ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਿੰਮਤ ਕੀਤੀ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਕਰਮੀਆਂ ਵੱਲੋਂ ਮਹਿਲਾਂ ਵੱਲ ਵਧ ਰਹੇ ਅਧਿਆਪਕਾਂ ਨੂੰ ਰੋਕੇ ਜਾਣ ਦੀ ਕੋਸ਼ਿਸ਼ ਦੌਰਾਨ ਦੋਵਾਂ ਧਿਰਾਂ ’ਚ ਖਿੱਚ ਧੂਹ ਦਾ ਮਾਹੌਲ ਬਣ ਗਿਆ। ਪੁਲੀਸ, ਜਿਸ ਵਿੱਚ ਮਹਿਲਾ ਕਰਮੀ ਵੀ ਸਨ, ਵੱਲੋਂ ਭਾਵੇਂ ਅਧਿਆਪਕਾਂ ਨੂੰ ਥੰਮਣ ਲਈ ਕੁਝ ਚਿਰ ਤਾਂ ਚਾਰਾਜੋਈ ਕੀਤੀ ਗਈ, ਪਰ ਆਖ਼ਿਰ ਅਧਿਆਪਕ ਬੈਰੀਕੇਡ ਤੋੜ ਕੇ ਮਹਿਲਾਂ ਦੇ ਮੁੱਖ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਪੁੱਜਣ ’ਚ ਕਾਮਯਾਬ ਹੋ ਗਏ। ਅਧਿਆਪਕਾਂ ਨੇ ਮਹਿਲਾਂ ਦੇ ਐਨ ਅੱਗੇ ਰੋਸ ਧਰਨਾ ਦਿੱਤਾ। ਸੰਘਰਸ਼ੀ ਅਧਿਆਪਕਾਂ ਨੇ ਹੱਥਾਂ ’ਚ ਖਾਲੀ ਥਾਲ ਤੇ ਚਮਚੇ ਖੜਕਾਉਂਦਿਆਂ ਸੰਘਰਸ਼ ਦੇ ਹਿੱਸੇ ਵਜੋਂ ਲੋਹੜੀ ਦੀ ਧੂਣੀ ਬਾਲ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, ਜ਼ਿਲ੍ਹਾ ਆਗੂਆਂ ਭਰਤ ਕੁਮਾਰ, ਹਰਵਿੰਦਰ ਰੱਖੜਾ, ਅਮ੍ਰਿਤਪਾਲ ਸਿੰਘ, ਨਿਰਭੈ ਸਿੰਘ ਆਦਿ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪਿਛਲੇ ਦਸ ਸਾਲਾਂ ਦੀਆਂ ਸੇਵਾਵਾਂ ਖੂਹ-ਖਾਤੇ ’ਚ ਪਾ ਕੇ ਅਧਿਆਪਕਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਦੀ ਆੜ ਹੇਠ ਮੌਜੂਦਾ ਤਨਖਾਹਾਂ ਉੱਪਰ 75 ਫੀਸਦੀ ਕੱਟ ਲਾ ਕੇ 15,300 ਤਨਖਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਰੋਸ ਵਜੋਂ ਲੋਹੜੀ ਬਾਲ ਬੈਠੇ ਅਧਿਆਪਕਾਂ ਨੇ ਦੇਰ ਸ਼ਾਮ ਮੁੱਖ ਮੰਤਰੀ ਦੇ ਓਐਸਡੀ ਵੱਲੋਂ ਭਲਕੇ ਤੱਕ ਮੁੱਖ ਮੰਤਰੀ ਨਾਲ ਦੁਵੱਲੀ ਬੈਠਕ ਤੈਅ ਕਰਵਾਉਣ ਦੇ ਦਿੱਤੇ ਭਰੋਸੇ ਮਗਰੋਂ ਰੋਸ ਪ੍ਰੋਗਰਾਮ ਸਮਾਪਤ ਕੀਤਾ। ਇਸ ਮੌਕੇ ਅਤਿੰਦਰਪਾਲ ਘੱਗਾ, ਸੱਤਪਾਲ ਸਮਾਣਵੀ, ਪ੍ਰਵੀਨ ਸ਼ਰਮਾ, ਦਵਿੰਦਰ ਪਾਤੜਾਂ, ਜਸਪਾਲ ਚੌਧਰੀ, ਦਵਿੰਦਰ ਸਿੰਘ, ਚਮਕੌਰ ਸਿੰਘ, ਗਗਨ ਕਾਠਮੱਠੀ, ਲਖਵਿੰਦਰ ਸਿੰਘ, ਮਨੋਜ ਕੁਮਾਰ, ਜਤਿੰਦਰ ਸਿੰਘ, ਵਿਕਰਮ ਰਾਜਪੁਰਾ, ਡੇਜ਼ੀ ਮੋਦਗਿਲ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।