Arash Info Corporation

ਸਲਾਰੀਆ ਦੀ ਜਨਮ ਦਿਨ ਪਾਰਟੀ ਮੌਕੇ ਗੋਲੀਬਾਰੀ; ਤਿੰਨ ਜ਼ਖ਼ਮੀ

21

November

2018

ਚੰਡੀਗੜ੍ਹ, ਸੰਸਦ ਮੈਂਬਰ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਦੀ ਜਨਮ ਦਿਨ ਪਾਰਟੀ ਮੌਕੇ ਸੈਕਟਰ-26 ਸਥਿਤ ‘ਐਫ-ਬਾਰ ਤੇ ਕੈਫੇ’ ਵਿਚ ਬੀਤੀ ਰਾਤ ਗੋਲੀਆਂ ਚਲਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਸ ਪਾਰਟੀ ਵਿਚ ਸ੍ਰੀ ਸਲਾਰੀਆ ਸਮੇਤ ਨਗਰ ਨਿਗਮ ਦੇ ਮੇਅਰ ਦੇਵੇਸ਼ ਮੋਦਗਿਲ, ਕੌਸਲਰ ਅਨਿਲ ਦੂਬੇ ਅਤੇ ਭਾਜਪਾ ਦੇ ਕਈ ਹੋਰ ਆਗੂ ਮੌਜੂਦ ਸਨ। ਇਸ ਘਟਨਾ ਵਿਚ ਐਸਡੀ ਕਾਲਜ ਦਾ ਸਾਬਕਾ ਵਿਦਿਆਰਥੀ ਆਗੂ ਜੈਦੀਪ ਸਿੰਘ, ਸਾਬਕਾ ਵਿਦਿਆਰਥੀ ਆਗੂ ਪੰਕਜ ਜਾਖੜ ਅਤੇ ਯੋਗੇਸ਼ਵਰ ਜ਼ਖ਼ਮੀ ਹੋ ਗਏ। ਜੈਦੀਪ ਦੇ ਢਿੱਡ ਦੇ ਹੇਠਲੇ ਹਿੱਸੇ ’ਤੇ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਪਹਿਲਾਂ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਪੀਜੀਆਈ ਰੇਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਯੋਗੇਸ਼ਵਰ ਵੀ ਗੋਲੀ ਲਗਣ ਕਾਰਨ ਜ਼ਖਮੀ ਹੋਇਆ ਹੈ ਅਤੇ ਪੰਕਜ ਜਾਖੜ ਦੇ ਸਿਰ ਉਪਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਸਬੰਧੀ ਸੈਕਟਰ-26 ਥਾਣੇ ਵਿਚ ਇਰਾਦਾ ਕਤਲ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਸਾਬਕਾ ਵਿਦਿਆਰਥੀ ਆਗੂ ਚੇਤਨ ਮੁੰਜਾਲ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਮੁੰਜਾਲ ਵਿਰੁੱਧ ਪਹਿਲਾਂ ਵੀ ਕੇਸ ਦਰਜ ਹਨ। ਪੁਲੀਸ ਨੇ ਇਸ ਤੋਂ ਇਲਾਵਾ ਅਰਜੁਨ, ਰਿੰਮੀ ਅਤੇ ਡੱਡੂਮਾਜਰਾ ਦੇ ਰਿੰਕੂ ਦੀ ਮੁਲਜ਼ਮਾਂ ਵਜੋਂ ਪਛਾਣ ਕੀਤੀ ਹੈ। ਡੀਐਸਪੀ (ਦੱਖਣ) ਹਰਜੀਤ ਕੌਰ ਅਤੇ ਸੈਕਟਰ-26 ਥਾਣੇ ਦੀ ਐਸਐਚਓ ਪੂਨਮ ਦਿਲਾਵਰੀ ਵੱਲੋ ਮੌਕੇ ’ਤੇ ਜਾ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਕਬਜ਼ੇ ਵਿਚ ਲੈ ਲਈ ਗਈ ਹੈ। ਦੱਸਣਯੋਗ ਹੈ ਕਿ ਗੋਲੀ ਚਲਾਉਣ ਵਾਲੇ ਅਤੇ ਜ਼ਖ਼ਮੀ ਹੋਣ ਵਾਲੇ ਦੋਵੇਂ ਧਿਰਾਂ ਦੇ ਬੰਦੇ ਸ੍ਰੀ ਸਲਾਰੀਆ ਦੀ ਪਾਰਟੀ ਦੇ ਮਹਿਮਾਨ ਸਨ ਅਤੇ ਪਾਰਟੀ ਵਿੱਚ ਹਥਿਆਰ ਕਿਵੇਂ ਪੁੱਜ ਗਏ ਇਸ ਬਾਰੇ ਸਵਾਲ ਉਠਾਏ ਜਾ ਰਹੇ ਹਨ। ਇਸ ਘਟਨਾ ਦੀ ਸ੍ਰੀ ਸਲਾਰੀਆ ਜਾਂ ਪਾਰਟੀ ਵਿਚ ਸ਼ਾਮਲ ਕਿਸੇ ਸਿਆਸੀ ਆਗੂ ਨੇ ਪੁਲੀਸ ਨੂੰ ਜਾਣਕਾਰੀ ਦੇਣੀ ਵੀ ਜ਼ਰੂਰੀ ਨਹੀਂ ਸਮਝੀ ਅਤੇ ਸਾਰੇ ਇਸ ਘਟਨਾ ਤੋਂ ਬਚਦੇ ਨਜ਼ਰ ਆ ਰਹੇ ਸਨ। ਦੀਪਕ ਕੁੰਡੂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋਸਤਾਂ ਯੋਗੇਸ਼ਵਰ, ਪੰਕਜ ਤੇ ਜੈਦੀਪ ਨਾਲ ਸ੍ਰੀ ਸਲਾਰੀਆ ਦੀ ਪਾਰਟੀ ਵਿਚ ਆਇਆ ਸੀ। ਇਥੇ ਚੇਤਨ ਮੁੰਜਾਲ, ਰਿੰਕੂ, ਰਿੰਪੀ ਤੇ ਰਾਜੇਸ਼ ਪਾਸਵਾਨ ਵੀ ਸ਼ਰਾਬੀ ਹਾਲਤ ਵਿਚ ਮੌਜੂਦ ਸਨ। ਰਾਤ 12.05 ਵਜੇ ਪੰਕਜ ਤੇ ਅਰਜਨ ਇਕ-ਦੂਸਰੇ ਨਾਲ ਝਗੜਾ ਕਰਨ ਲੱਗ ਪਏ ਅਤੇ ਇਕਦਮ ਅਰਜਨ, ਚੇਤਨ, ਰਿੰਕੂ, ਰਿੰਪੀ ਤੇ ਰਾਜੇਸ਼ ਪਾਸਵਾਨ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਰਿੰਕੂ ਤੇ ਚੇਤਨ ਨੇ ਰਿਵਾਲਵਰ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਸ੍ਰੀ ਸਲਾਰੀਆ ਨੇ ਦਾਅਵਾ ਕੀਤਾ ਉਹ 12 ਵਜੇ ਕੇਕ ਕੱਟ ਕੇ ਪਾਰਟੀ ਵਿਚੋਂ ਵਾਪਸ ਆਪਣੇ ਘਰ ਚਲੇ ਗਏ ਸਨ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਸੀ, ਜਿਸ ਕਾਰਨ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਨਹੀਂ ਮਿਲ ਸਕੀ। ਅੱਜ ਸਵੇਰੇ ਉਨ੍ਹਾਂ ਨੂੰ ਪਾਰਟੀ ਵਿਚ ਗੋਲੀ ਚਲਣ ਦੀ ਜਾਣਕਾਰੀ ਮਿਲੀ ਹੈ ਜਿਸ ਵਿਚ ਜੈਦੀਪ, ਬਿੱਲਾ ਤੇ ਪੰਕਜ ਜਾਖੜ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਡੀਜੀਪੀ ਚੰਡੀਗੜ੍ਹ ਸੰਜੇ ਬੈਨੀਵਾਲ ਨੂੰ ਦੇ ਦਿੱਤੀ ਹੈ।
Loading…
Loading the web debug toolbar…
Attempt #