Arash Info Corporation

ਸ਼ਰਤਾਂ ਮੰਨੇ ਬਿਨਾਂ ਨਿਗਮ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ ਪਿੰਡ: ਬਾਂਸਲ

20

November

2018

ਚੰਡੀਗੜ੍ਹ, ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਨਗਰ ਨਿਗਮ ਵਿੱਚ ਪਾਸ ਕੀਤੀਆਂ 11 ਸ਼ਰਤਾਂ ਮੰਨੇ ਬਿਨਾਂ 12 ਪੰਚਾਇਤਾਂ ਅਧੀਨ ਆਉਂਦੇ 13 ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਨ ਦੀ ਭੁੱਲ ਕੀਤੀ ਗਈ ਤਾਂ ਪਾਰਟੀ ਵੱਲੋਂ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ। ਇਹ ਚਿਤਾਵਨੀ ਅੱਜ ਇੱਥੇ ਪਿੰਡ ਦੜੀਆ ਵਿੱਚ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਤੇ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ 101ਵੀਂ ਜੈਅੰਤੀ ਸਬੰਧੀ ਕਰਵਾਏ ਗਏ ਸਮਾਰੋਹ ਦੌਰਾਨ ਕਾਂਗਰਸੀ ਆਗੂਆਂ ਨੇ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਸਾਲ 2013 ਵਿੱਚ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਤੱਕ ਚੰਡੀਗੜ੍ਹ ਪ੍ਰਸ਼ਾਸਨ ਦਿਹਾਤੀ ਖੇਤਰ ਦੀ ਬਿਹਤਰੀ ਲਈ ਨਿਰਧਾਰਤ ਕੀਤੀਆਂ ਗਈਆਂ 11 ਸ਼ਰਤਾਂ ਨੂੰ ਨਹੀਂ ਮੰਨਦਾ, ਉਦੋਂ ਤੱਕ ਬਾਕੀ ਰਹਿੰਦੀਆਂ 12 ਪੰਚਾਇਤਾਂ ਅਧੀਨ ਆਉਂਦੇ 13 ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਨਿਗਮ ਵਿੱਚ ਕਾਂਗਰਸ ਦੇ ਰਾਜ ਵਿੱਚ ਮੇਅਰ ਸੁਭਾਸ਼ ਚਾਵਲਾ ਦੀ ਅਗਵਾਈ ਹੇਠ ਮਤਾ ਪਾਸ ਕੀਤਾ ਗਿਆ ਸੀ ਕਿ ਪ੍ਰਸ਼ਾਸਨ ਪਿੰਡਾਂ ਦੀਆਂ ਪੰਚਾਇਤਾਂ ਖ਼ਤਮ ਕਰ ਕੇ ਇਨ੍ਹਾਂ ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ 11 ਸ਼ਰਤਾਂ ਨੂੰ ਪ੍ਰਵਾਨ ਕਰੇ। ਸਮਾਗਮ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਪਿੰਡਾਂ ਵਿੱਚ ਲਾਲ ਡੋਰੇ ਦੀ ਆੜ ਹੇਠ ਮਕਾਨਾਂ ਉੱਤੇ ਬੁਲਡੋਜ਼ਰ ਚਲਾਉਣ ਦਾ ਫ਼ੈਸਲਾ ਲਿਆ ਤਾਂ ਕਾਂਗਰਸ ਦੇ ਵਰਕਰ ਸੜਕਾਂ ’ਤੇ ਉੁਤਰ ਆਉਣਗੇ। ਸਾਬਕਾ ਮੇਅਰ ਸੁਭਾਸ਼ ਚਾਵਲਾ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰ ਕੇ ਕਾਂਗਰਸ ਵੱਲੋਂ ਸਿਰਜੇ ਪੰਚਾਇਤੀ ਰਾਜ ਨੂੰ ਤਹਿਸ-ਨਹਿਸ ਕਰਨ ਦੀ ਤਾਕ ਵਿੱਚ ਹੈ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਦੀ ਹਰੇਕ ਸਿਆਸੀ ਪਾਰਟੀ ਦਹਾਕਿਆਂ ਤੋਂ ਪਿੰਡਾਂ ਦੀ ਕਾਇਆਕਲਪ ਕਰਨ ਅਤੇ ਲਾਲ ਡੋਰੇ ਤੋਂ ਬਾਹਰ ਹੋਈਆਂ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਦੇ ਵਾਅਦੇ ਕਰਦੀਆਂ ਆ ਰਹੀਆਂ ਹਨ ਪਰ ਪਿੰਡਾਂ ਦੀ ਹਾਲਤ ਅੱਜ ਵੀ ਤਰਸਯੋਗ ਬਣੀ ਪਈ ਹੈ। ਹੁਣ ਪ੍ਰਸ਼ਾਸਨ ਵੱਲੋਂ ਪੰਚਾਇਤਾਂ ਖ਼ਤਮ ਕਰ ਕੇ ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਚਲਾ ਦਿੱਤੀ ਗਈ ਹੈ, ਜਿਸ ਕਾਰਨ ਦਿਹਾਤੀ ਖੇਤਰ ਦੀ ਸਿਆਸਤ ਭਖੀ ਪਈ ਹੈ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਭੁਪਿੰਦਰ ਸਿੰਘ ਬਡਹੇੜੀ, ਹਰਫੂਲ ਚੰਦਰ ਕਲਿਆਣ, ਸ਼ਸ਼ੀ ਸ਼ੰਕਰ ਤਿਵਾੜੀ, ਸਾਦਿਕ ਮੁਹੰਮਦ, ਅਨੀਤਾ ਸ਼ਰਮਾ, ਜੀਤ ਸਿੰਘ ਬਹਿਲਾਣਾ, ਦਵੰਦਰ ਸਿੰਘ ਮਰਵਾਹਾ, ਅਸ਼ੋਕ ਕੁਮਾਰ, ਹਰਮੇਲ ਕੇਸਰੀ, ਹਰਜਿੰਦਰ ਸਿੰਘ ਬਾਵਾ ਆਦਿ ਨੇ ਇੰਦਰਾ ਗਾਂਧੀ ਨੂੰ ਸ਼ਰਧਾਂਜ਼ਲੀਆਂ ਭੇਟ ਕਰਦਿਆਂ ਕਿਹਾ ਕਿ ਮਰਹੂਮ ਇੰਦਰਾ ਗਾਂਧੀ ਨੇ ਸਿਰਫ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆਂ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ।

E-Paper

Calendar

Videos