Arash Info Corporation

ਪੈਟਰੋਲ ਪੰਪ ਲੁੱਟਣ ਵਾਲੇ ਗਰੋਹ ਦੇ ਅੱਠ ਮੈਂਬਰ ਗ੍ਰਿਫ਼ਤਾਰ

13

November

2018

ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਪੁਲੀਸ ਨੇ ਹਥਿਆਰਾਂ ਦਿਖਾ ਕੇ ਪੈਟਰੋਲ ਪੰਪ ਲੁੱਟਣ ਵਾਲੇ ਗਰੋਹ ਦੇ ਅੱਠ ਮੈਂਬਰਾਂ ਨੂੰ ਹਥਿਆਰਾਂ ਤੇ ਨਕਦੀ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮਾਰੂ ਹਥਿਆਰਾਂ ਦੀ ਨੋਕ ’ਤੇ 4 ਤੇ 5 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਮਲੋਹ ਵਿੱਚ ਰਿਲਾਇੰਸ ਪੈਟਰੋਲ ਪੰਪ ਲੁੱਟਿਆ ਸੀ। ਉਨ੍ਹਾਂ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕਰ ਕੇ ਉੱਥੋਂ ਕਰੀਬ 5.50 ਲੱਖ ਰੁਪਏ ਅਤੇ ਵਰਕਰਾਂ ਦੇ ਮੋਬਾਈਲ ਫੋਨ ਖੋਹ ਲਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਐੱਸਪੀ (ਜਾਂਚ) ਹਰਪਾਲ ਸਿੰਘ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਡੀਐੱਸਪੀ (ਜਾਂਚ) ਸੁਖਜੀਤ ਸਿੰਘ ਵਿਰਕ, ਡੀਐੱਸਪੀ ਅਮਲੋਹ ਮਨਪ੍ਰੀਤ ਸਿੰਘ, ਸੀਆਈਏ ਇੰਚਾਰਜ ਇੰਸਪੈਕਟਰ ਅਤੁੱਲ ਸੋਨੀ ਆਦਿ ਸਮੇਤ ਸੀਆਈਏ ਸਟਾਫ਼ ਸਰਹਿੰਦ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਜਸ਼ਨਦੀਪ ਸਿੰਘ, ਗੁਰਮੀਤ ਸਿੰਘ ਵਾਸੀਆਨ ਪਿੰਡ ਕਲਾਲ ਮਾਜਰਾ, ਰਾਜਵੀਰ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ ਵਾਸੀ ਪਿੰਡ ਘੁਟੀਂਡ ਥਾਣਾ ਅਮਲੋਹ, ਦਵਿੰਦਰ ਸਿੰਘ ਵਾਸੀ ਪਿੰਡ ਮਨੈਲਾ ਥਾਣਾ ਖਮਾਣੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜਸਪ੍ਰੀਤ ਸਿੰਘ ਵਾਸੀ ਪਿੰਡ ਰਾਜੇਵਾਲ ਥਾਣਾ ਸਦਰ ਖੰਨਾ ਅਤੇ ਖੁਸ਼ਵੰਤ ਸਿੰਘ ਵਾਸੀ ਪਿੰਡ ਝੜੌਦੀ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਨੂੰ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਹੋਏ ਇੱਕ ਦੇਸੀ ਕੱਟਾ 315 ਬੋਰ ਸਮੇਤ ਕਾਰਤੂਸ, ਤਿੰਨ ਏਅਰਪਿਸਟਲਜ਼, ਕਿਰਪਾਨਾਂ, ਕਿਰਚ ਅਤੇ ਬੇਸਬਾਲ ਸਮੇਤ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੁੱਢਲੀ ਪੁੱਛਗਿਛ ਦੌਰਾਨ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਮੰਨ ਲਿਆ ਹੈ। ਉਨ੍ਹਾਂ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨਾਲ ਫੜੇ ਗਏ ਮੁਲਜ਼ਮਾਂ ਦਾ ਮਿਲਾਣ ਕੀਤਾ ਤਾਂ ਪੈਟਰੋਲ ਪੰਪ ਲੁੱਟਣ ਵਾਲੇ ਵੀ ਉਹੀ ਮੁਲਜ਼ਮ ਪਾਏ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਗਰੋਹ ਨੇ ਦਸੰਬਰ 2017 ਵਿੱਚ ਪਿੰਡ ਬਰਧਾਲਾ, ਪੁਲੀਸ ਜ਼ਿਲ੍ਹਾ ਖੰਨਾ ਵਿੱਚ ਵੀ ਰਾਤ ਸਮੇਂ ਮਾਰੂ ਹਥਿਆਰਾਂ ਦੀ ਨੋਕ ’ਤੇ ਰਿਲਾਇੰਸ ਪੈਟਰੋਲ ਪੰਪ ਲੁੱਟਿਆ ਸੀ ਅਤੇ ਉੱਥੇ ਕੰਮ ਕਰਦੇ ਵਰਕਰਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਕਰੀਬ ਤਿੰਨ ਲੱਖ ਰੁਪਏ ਲੁੱਟ ਲਏ ਸਨ। ਗਰੋਹ ਦੇ ਮੈਂਬਰਾਂ ਨੇ ਹੋਰ ਵੀ ਕਈ ਵਾਰਦਾਤਾਂ ਕੀਤੀਆਂ ਹਨ ਅਤੇ ਦੁਬਾਰਾ ਫਿਰ ਤੋਂ ਪੈਟਰੋਲ ਪੰਪ ਲੁੱਟਣ ਦੀ ਫਿਰਾਕ ਵਿੱਚ ਸਨ। ਮੁਲਜ਼ਮਾਂ ਕੋਲੋਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਦੌਰਾਨ ਵਰਤੇ ਗਏ ਮੋਟਰਸਾਈਕਲ ਨੰਬਰ ਪੀਬੀ23ਐੱਸ-5538, ਮੋਟਰਸਾਈਕਲ ਨੰਬਰ ਪੀਬੀ10-ਈਐਕਸ-1436, ਮੋਟਰਸਾਈਕਲ ਨੰਬਰ ਪੀਬੀ48ਈ-0763 ਸਮੇਤ ਪੰਪ ਤੋਂ ਲੁੱਟੀ ਹੋਈ ਰਕਮ ਵਿੱਚੋਂ ਤਿੰਨ ਲੱਖ 70 ਹਜ਼ਾਰ 700 ਰੁਪਏ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਦਾ ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

E-Paper

Calendar

Videos