ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੂਸ਼ਣਬਾਜ਼ੀ ਦੀ ਸਿਆਸਤ ਦੀ ਨਿਖੇਧੀ

12

November

2018

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਆਪਣਿਆਂ ਨੂੰ ਠੇਕੇ ਦੇਣ ਦੇ ਸਬੂਤ ਬਾਹਰ ਆਉਣ ਮਗਰੋਂ ਰਾਜਧਾਨੀ ਦੇ ਅਕਾਲੀਆਂ ਦੇ ਦੋਨਾਂ ਧੜਿਆਂ ਨੇ ਹੁਣ ਰਾਸੂਖ਼ਵਾਨ ਸਿੱਖਾਂ ਦੇ ਨਾਂ ’ਤੇ ਇੱਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਦਿੱਲੀ ਦੇ ਪਤਵੰਤੇ ਸਿੱਖਾਂ ਨੂੰ ਧਮਕਾਉਣ ਅਤੇ ਅਸਿੱਧੇ ਤਰੀਕੇ ਨਾਲ ਗ਼ੈਰ-ਕਾਬਿਲ ਦੱਸਣ ਦੀ ਦਿੱਲੀ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਰਨਾ ਦੇ ਵਿਵਹਾਰ ’ਤੇ ਹੈਰਾਨੀ ਪ੍ਰਗਟਾਉਂਦੇ ਹੋਏ ਸਿੱਖਾਂ ’ਚ ਅਮੀਰੀ ਅਤੇ ਗਰੀਬੀ ਕਰਕੇ ਸਰਨਾ ਵੱਲੋਂ ਭੇਦ ਕਰਨ ਨੂੰ ਘਟੀਆ ਸੋਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਕੇ ਕੈਲੰਡਰ ਅਤੇ ਨਿਤਨੇਮ ਦੀ ਬਾਣੀਆਂ ’ਤੇ ਕਿੰਤੂ ਕਰਨ ਉਪਰੰਤ ਹੁਣ ਸਰਨਾ ਨੇ ਮਾਇਆ ਦੇ ਨਾਂ ’ਤੇ ਸਿੱਖਾਂ ਨੂੰ ਵੰਡਣ ਦੀ ਕੋਝੀ ਕੋਸ਼ਿਸ਼ ਕਰਦੇ ਹੋਏ ਰਸੂਖਦਾਰ ਸਿੱਖਾਂ ਦੇ ਸਮੂਹ ਨੂੰ ਕਰੋੜਪਤੀ ਕਲੱਬ ਦੱਸ ਕੇ ਫਿਰ ਗੁਸਤਾਖ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਸਿੱਖਾਂ ਨੂੰ ਜੋੜਨ ਦੀ ਥਾਂ ਪਾੜਨ ਦੀ ਕਾਂਗਰਸੀ ਰਣਨੀਤੀ ਹੈ। ਜਦਕਿ ਕਮੇਟੀ ’ਤੇ ਲਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਕਮੇਟੀ ਦਾ ਪੱਖ ਜਾਣਨ ਵਾਸਤੇ ਕੁਝ ਪਤਵੰਤੇ ਸਿੱਖਾਂ ਨੇ ਮੇਰੇ ਤੱਕ ਸਰਨਾ ਵੱਲੋਂ ਦਿੱਤਾ ਗਿਆ ਪ੍ਰਸ਼ਨ ਪੱਤਰ ਭੇਜਿਆ ਸੀ। ਜਿਸਦਾ ਜਵਾਬ ਦੇਣ ਦੀ ਮੈਂ ਹਾਮੀ ਭਰੀ ਸੀ। ਜਿਸ ਕਰਕੇ 10 ਨਵੰਬਰ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਕਮੇਟੀ ਵੱਲੋਂ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਸੀ ਕਿ ਪੰਜਾਬ ’ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਘੋਰ ਬੇਅਦਬੀ ’ਤੇ ਚੁਪ ਧਾਰ ਕੇ ਬੈਠਣ ਅਤੇ ਦਿੱਲੀ ’ਚ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਕਰਨ ਵਾਲੇ ਮਨਜੀਤ ਸਿੰਘ ਜੀਕੇ ਦੇ ਕੰਮਾਂ ’ਤੇ ਪੜਦੇ ਪਾਉਣ ’ਚ ਜੇਕਰ ਦਿੱਲੀ ਦੇ ‘ਮੋਜ਼ਿਜ਼ ਸਿੱਖ’ ਮਦਦ ਕਰਦੇ ਹਨ ਤਾਂ ਉਹ ਆਪਣੇ ਪੁਰਖਿਆਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਅਤੇ ਦਿੱਲੀ ਦੇ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਲਈ ਕੀਤੀ ਜਦੋਜਹਿਦ ਅਤੇ ਕੁਰਬਾਨੀਆਂ ’ਤੇ ਪਾਣੀ ਫੇਰਨ ਦਾ ਕੰਮ ਕਰਨਗੇ। ਦਿੱਲੀ ਦੇ ਧਨਾਢ ਸਿੱਖਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ, ‘ਹੋ ਸਕਦਾ ਹੈ ਤੁਸੀਂ ਆਪਣੇ ਵਪਾਰਕ ਹਿੱਤਾਂ, ਵਪਾਰਕ ਨੈੱਟਵਰਕਿੰਗ ਲਈ ‘ਪੇਜ ਥ੍ਰੀ ਪ੍ਰੋਗਰਾਮਾਂ’, ‘ਲਗਜ਼ਰੀ ਡਿਨਰ’, ਵਿਆਹਾਂ ਅਤੇ ਜਨਮ ਦਿਨ ਦੀਆਂ ਪਾਰਟੀਆਂ ’ਚ ਜਾਂਦੇ ਹੋ। ਪ੍ਰੰਤੂ ਜਿਸ ਚਾਹ ਦੇ ਪ੍ਰੋਗਰਾਮ ਤੇ ਤੁਹਾਨੂੰ ਜੀਕੇ ਨੇ ਬੁਲਾਇਆ ਹੈ, ਉਸਦੇ ਖ਼ਿਲਾਫ਼ ਗੁਰੂ ਦੀ ਗੋਲਕ ਲੁੱਟਣ ਦੇ ਸਬੂਤ ਬੇਪਰਦਾ ਹੋ ਚੁਕੇ ਹਨ ਤੇ ਅਜਿਹੇ ਵਿਅਕਤੀ ਦੇ ਨਾਲ ਬੈਠਣਾ ਤੁਹਾਨੂੰ ਵੀ ਆਮ ਸੰਗਤ ਦੇ ਸਵਾਲਾਂ ਦੇ ਘੇਰੇ ’ਚ ਖੜ੍ਹਾ ਕਰ ਦੇਵੇਗਾ।’