ਦਿੱਲੀ ਕਮੇਟੀ ਦੇ ਗੁਰਦੁਆਰਿਆਂ ਦੀ ਗੋਲਕ ਹੁਣ ਸਿੱਧੀ ਬੈਂਕ ਜਾਵੇਗੀ

12

November

2018

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਹਫ਼ਤੇ ਇਕੱਠੀ ਹੁੰਦੀ ਗੋਲਕ ਦੀ ਮਾਇਆ ਹੁਣ ਸਿੱਧੀ ਸਬੰਧਤ ਬੈਂਕਾਂ ਵਿੱਚ ਹੀ ਭੇਜੀ ਜਾਵੇਗੀ। ਪੰਥਕ ਸੇਵਾ ਦਲ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਯਮਾਂ ਖ਼ਿਲਾਫ਼ ਕਮੇਟੀ ਦੇ ਦਫ਼ਤਰ ਲਿਜਾਣ ਦਾ ਸਖ਼ਤ ਵਿਰੋਧ ਕਰਨ ਮਗਰੋਂ ਪ੍ਰਬੰਧਕਾਂ ਵੱਲੋਂ ਹੁਣ ਫ਼ੈਸਲਾ ਕੀਤਾ ਗਿਆ ਕਿ ਜਿੱਥੇ ਮਾਇਆ ਜ਼ਿਆਦਾ ਇਕੱਠੀ ਹੁੰਦੀ ਹੈ, ਉੱਥੋਂ ਰਕਮ ਬੈਂਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗਿਣੀ ਜਾਵੇਗੀ ਤੇ ਸਿੱਧੀ ਕਮੇਟੀ ਦੇ ਖ਼ਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਬੀਤੇ ਹਫ਼ਤੇ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਬੰਗਲਾ ਸਾਹਿਬ ਦੀ ਗੋਲਕ ਦੀ ਗਿਣਤੀ ਸਮੇਂ ਪੰਥਕ ਸੇਵਾ ਦਲ ਤੇ ਹੋਰ ਧਿਰਾਂ ਦੇ ਨੌਜਵਾਨ ਆਗੂਆਂ ਵੱਲੋਂ ਗੁਰਦੁਆਰੇ ਦੇ ਮੈਨੇਜਰ ਪਰਮਜੀਤ ਸਿੰਘ ਚੰਡੋਕ ਕੋਲ ਇਤਰਾਜ਼ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ 20 ਲੱਖ ਤੋਂ ਉੱਪਰ ਦੀ ਜੋ ਵੀ ਗੋਲਕ ਹੋਵੇ ਉਸ ਨੂੰ ਬੈਂਕ ਅਧਿਕਾਰੀ ਦੀ ਹਾਜ਼ਰੀ ਵਿੱਚ ਗਿਣ ਕੇ ਕਮੇਟੀ ਖ਼ਾਤੇ ਭੇਜਿਆ ਜਾਵੇ। ਬੀਤੀ ਸ਼ਾਮ ਫਿਰ ਵਿਰੋਧੀ ਧਿਰਾਂ ਦੇ ਨੌਜਵਾਨ ਆਗੂ ਬੰਗਲਾ ਸਾਹਿਬ ਪੁੱਜੇ ਤੇ ਗੋਲਕ ਦਾ ਮੁੱਦਾ ਉਠਾਇਆ। ਇਸ ਲਈ ਕਮੇਟੀ ਵੱਲੋਂ ਐਕਸਿਸ ਬੈਂਕ ਨੂੰ 12 ਨਵੰਬਰ ਦੀ ਗੋਲਕ ਦੀ ਗਿਣਤੀ ਮਗਰੋਂ 50 ਰੁਪਏ ਤੇ ਇਸ ਤੋਂ ਉਪਰ ਦੀ ਕੀਮਤ ਵਾਲੀ ਕਰੰਸੀ ਦੇ ਨੋਟਾਂ ਨੂੰ ਲਿਜਾਣ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਸੀ। ਪਹਿਲਾਂ ਦਿੱਲੀ ਕਮੇਟੀ ਕੋਲ ਬਹਾਨਾ ਹੁੰਦਾ ਸੀ ਕਿ ਬੈਂਕ ਭਾਨ ਤੇ ਛੋਟੇ ਨੋਟ ਨਹੀਂ ਲਿਜਾਂਦੇ। ਪੰਥਕ ਸੇਵਾ ਦਲ ਦੇ ਬੁਲਾਰੇ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹੁਣ ਭ੍ਰਿਸ਼ਟਾਚਾਰ ਦੀ ਗੁੰਜ਼ਾਇਸ਼ ਨਹੀਂ ਰਹੇਗੀ।