ਡੇਰਾ ਸਿਰਸਾ ਵੋਟਾਂ ਮੰਗਣ ਜਾ ਰਹੇ ਵੱਖ-ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਤੋਂ ਹਾਰੇ: ਦਾਦੂਵਾਲ

10

January

2022

ਤਲਵੰਡੀ ਸਾਬੋ, 10 ਜਨਵਰੀ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਵਿਚ ਪੰਜਾਬ ਵਿਧਾਨ ਸਭਾ 2022 ਚੋਣਾਂ ਲਈ ਵੋਟਾਂ ਮੰਗਣ ਜਾ ਰਹੇ ਵੱਖ-ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਹਾਰ ਚੁੱਕੇ ਹਨ ਅਤੇ ਇਨ੍ਹਾਂ ਇਨਸਾਨੀਅਤ ਤੋਂ ਹਾਰੇ ਲੀਡਰਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਤਿਆਰ-ਬਰ-ਤਿਆਰ ਬੈਠੇ ਹਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਹੀ ਕਤਲਾਂ ਕੁਕਰਮਾਂ ਦਾ ਇਕੱਲਾ ਗੁਨਾਹਗਾਰ ਨਹੀਂ ਸਗੋਂ ਉਸ ਦੇ ਇਸ਼ਾਰੇ ਉਤੇ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਉਸ ਦੇ ਪੈਰੋਕਾਰ ਵੀ ਬਰਾਬਰ ਦੇ ਗੁਨਾਹਗਾਰ ਹਨ। ਇਸ ਦੇ ਪੈਰੋਕਾਰਾਂ ਦੀ ਕਾਰਵਾਈਆਂ ਲੋਕਾਂ ਤੋਂ ਲੁਕੀਆਂ ਛਿਪੀਆਂ ਨਹੀਂ ਹਨ ਜਿਨ੍ਹਾਂ ਕਤਲਾਂ ਅਤੇ ਕੁਕਰਮਾਂ ਦੀ ਸਜ਼ਾ ਤੋਂ ਬਚਣ ਲਈ ਡੇਰਾ ਸਿਰਸਾ ਮੁਖੀ ਵੱਲੋਂ ਡੇਰੇ ਵਿੱਚ ਬਣਾਈਆਂ ਸਾਜ਼ਿਸ਼ਾਂ ਨੂੰ ਵੱਖ ਵੱਖ ਥਾਵਾਂ ਉਤੇ ਅੰਜਾਮ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਤਿੰਨ ਸੂਬਿਆਂ ਵਿੱਚ ਬੱਸਾਂ ਨੂੰ ਅੱਗਾਂ ਲਗਵਾਈਆਂ ਸਨ। ਬਾਘਾਪੁਰਾਣਾ ਮੋਗਾ ਸਹਿਜੜਾ ਗੋਨਿਆਨਾ ਵਿਖੇ ਅੱਗਾਂ ਅਤੇ ਮਧੀਰ ਮੁਕਤਸਰ ਸਾਹਿਬ ਦਾ ਬਿਜਲੀ ਘਰ ਸਾੜ ਦਿੱਤਾ ਗਿਆ। ਤਲਵੰਡੀ ਸਾਬੋ ਤੇ ਮਾਨਸਾ ਵਿਚ ਬੀਡੀਓ ਬਲਾਕ ਟੀਵੀ ਟਾਵਰ ਸੁਵਿਧਾ ਕੇਂਦਰਾਂ ਨੂੰ ਅੱਗਾਂ ਲਗਾਈਆਂ ਗਈਆਂ। ਬਰਗਾੜੀ ਬੇਅਦਬੀ ਕਾਂਡ ਨੂੰ ਅੰਜ਼ਾਮ ਦਿੱਤਾ। ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ, ਕੀ ਇਹ ਅਤਿਵਾਦ ਤੋਂ ਘੱਟ ਹੈ। ਇਸ ਸਾਰੇ ਕੁਕਰਮਾਂ ਨੂੰ ਪਿੱਠ ਦੇ ਕੇ ਅੱਜ ਜਿਹੜੇ ਵੱਖ ਵੱਖ ਪਾਰਟੀਆਂ ਦੇ ਲੀਡਰ ਡੇਰਾ ਸਿਰਸਾ ਦੇ ਡੇਰਿਆਂ ਉਤੇ ਵੋਟਾਂ ਦੀ ਭੀਖ ਮੰਗਣ ਜਾ ਰਹੇ ਹਨ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ ਅਤੇ ਇਨ੍ਹਾਂ ਦੀਆਂ ਸੰਦੂਕੜੀਆਂ ਖਾਲੀ ਨਿਕਲਣਗੀਆਂ। ਪਿਛਲੀਆਂ ਚੋਣਾਂ ਗਵਾਹ ਹਨ ਕਿ ਜਿਸ ਜਿਸ ਪਾਰਟੀ ਨੇ ਜਾ ਕੇ ਡੇਰਾ ਸਿਰਸਾ ਮੁਖੀ ਕੋਲੋਂ ਵੋਟਾਂ ਮੰਗੀਆਂ, ਉਨ੍ਹਾਂ ਦੀਆਂ ਸੰਦੂਕੜੀਆਂ ਸਾਫ ਹੋ ਗਈਆਂ। ਜਥੇਦਾਰ ਦਾਦੂਵਾਲ ਨੇ ਸਭ ਪਾਰਟੀਆਂ ਦੇ ਲੀਡਰਾਂ ਨੂੰ ਇਨਸਾਨੀਅਤ ਦਾ ਵਾਸਤਾ ਪਾ ਕੇ ਕਿਹਾ ਕੇ ਡੇਰਾ ਸਿਰਸਾ ਨੂੰ ਚੰਦ ਵੋਟਾਂ ਖਾਤਿਰ ਸ਼ਹਿ ਦੇਣ ਤੋਂ ਗੁਰੇਜ਼ ਕੀਤਾ ਜਾਵੇ।