ਝਾੜੂ ,ਪੰਜਾ ਤੇ ਤੱਕੜੀ ਨੂੰ ਹਰਾਉਣ ਵਿੱਚ, ਕੀ ਕਾਮਯਾਬ ਹੋਵੇਗੀ ਕੈਪਟਨ ਮੋਦੀ ਦੀ ਗਲਵੱਕੜੀ ?

23

December

2021

ਸੌਂਹ ਖਾਕੇ ਮੁੱਖਮੰਤਰੀ ਦੀ ਕੁਰਸੀ ਤੇ ਕਾਬਜ਼ ਹੋਣ ਵਾਲਾ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕੁਰਸੀ ਲੈਣ ਲਈ ਕਾਹਲਾ ਪੈ ਰਿਹਾ ਹੈ |ਜਿਹੜ੍ਹਾ ਕਦੇ ਕਹਿੰਦਾ ਸੀ ਕਿ ਮੇਰਾ ਇਹ ਆਖਰੀ ਇਲੈਕਸ਼ਨ ਹੈ |ਕੁਰਸੀ ਦਾ ਇਹੋ ਜਿਹਾ ਭੁਸ ਪੈ ਗਿਆ ਹੈ ਕਿ ਹੁਣ ਆਪਣੀ ਕਾਂਗਰਸ ਛੱਡ ਕੇ ਨਵੀਂ ਪਾਰਟੀ ਬਣਾ ਕੇ ਤੁਰ ਪਿਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਤਕਰੀਬਨ 7 ਗੇੜਾਂ ਦੀ ਗੱਲਬਾਤ ਤੋਂ ਬਾਅਦ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ੇਖਾਵਤ ਨਾਲ ਰਸਮੀ ਗਠਜੋੜ ਦਾ ਐਲਾਨ ਕਰ ਦਿੱਤਾ ਹੈ |ਕੈਪਟਨ ਵੱਲੋਂ ਆਪਣੀ ਨਵੀਂ ਪਾਰਟੀ- ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਗੱਠਜੋੜ ਦਾ ਐਲਾਨ ਟਵਿਟਰ ‘ਤੇ ਪਾਈ ਇਕ ਤਸਵੀਰ ਰਾਹੀਂ ਕੀਤਾ ਗਿਆ। ਕੈਪਟਨ ਅਤੇ ਸ਼ੇਖਾਵਤ ਦੀ ਗਲਵੱਕੜੀ ਪਾਈ ਇਸ ਤਸਵੀਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਸੰਦੇਸ਼ ‘ਚ ਇਹ ਵੀ ਲਿਖਿਆ ਕਿ ਭਾਜਪਾ ਨਾਲ ਸਾਡਾ ਯਾਨੀ ਕਿ ਪੰਜਾਬ ਲੋਕ ਕਾਂਗਰਸ ਦਾ ਗੱਠਜੋੜ ਪੱਕਾ ਹੈ। ਹਾਲਾਂਕਿ, ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਵਿਚਾਰ ਚਰਚਾ ਜਾਰੀ ਹੈ। ਹਲਕਿਆਂ ਮੁਤਾਬਕ ਦਹਾਕਿਆਂ ਤੱਕ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਜੂਨੀਅਰ ਗੱਠਜੋੜ ਭਾਈਵਾਲ ਬਣ ਕੇ ਰਹੀ ਭਾਜਪਾ ਇਸ ਵਾਰ ਸੀਨੀਅਰ ਭਾਈਵਾਲ ਬਣਨਾ ਚਾਹੁੰਦੀ ਹੈ।ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ 70 ਸੀਟਾਂ ਉਤੇ ਚੋਣ ਲੜਨ ਦੀ ਚਾਹਵਾਨ ਹੈ, ਜਦਕਿ ਕੈਪਟਨ ਦੀ ਪਾਰਟੀ ਨੂੰ 35 ਸੀਟਾਂ ਤੋਂ ਚੋਣ ਲੜਾਈ ਜਾ ਸਕਦੀ ਹੈ। ਬਾਕੀ ਦੀਆਂ 12 ਸੀਟਾਂ ਗੱਠਜੋੜ ਦੇ ਤੀਜੇ ਭਾਈਵਾਲ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਹਲਕਿਆਂ ਮੁਤਾਬਕ ਸ਼ਹਿਰੀ ਖੇਤਰਾਂ ‘ਚ ਮਜ਼ਬੂਤ ਭਾਜਪਾ ਆਪਣਾ ਮੁੱਖ ਧਿਆਨ ਇਨ੍ਹਾਂ ਇਲਾਕਿਆਂ ‘ਤੇ ਹੀ ਕੇਂਦਰਿਤ ਰੱਖੇਗੀ, ਜਦਕਿ ਪੰਜਾਬ ਲੋਕ ਕਾਂਗਰਸ ਨੂੰ ਦਿਹਾਤੀ ਇਲਾਕੇ ‘ਚ ਵਧੇਰੇ ਸੀਟਾਂ ਦਿੱਤੀਆਂ ਜਾਣਗੀਆਂ।ਯਾਦ ਰਹੇ ਕਿ 2017 ‘ਚ ਵੀ ਕੈਪਟਨ ਨੂੰ ਦਿਹਾਤੀ ਹਲਕਿਆਂ ‘ਚੋਂ ਭਰਵਾਂ ਹੁੰਗਾਰਾ ਮਿਲਿਆ ਸੀ। ਕੈਪਟਨ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਖਾਸ ਖੁਲਾਸਾ ਨਾ ਕਰਦਿਆਂ ਸਿਰਫ ਇਹ ਹੀ ਕਿਹਾ ਕਿ ਸੀਟਾਂ ਦੀ ਵੰਡ ਦਾ ਆਧਾਰ ਜਿੱਤਣ ਦੀ ਸਮਰੱਥਾ ਹੋਵੇਗੀ, ਜਿਥੇ ਜਿਸ ਪਾਰਟੀ ਦੀ ਸਥਿਤੀ ਮਜ਼ਬੂਤ ਹੋਵੇਗੀ, ਉਥੇ ਉਸ ਪਾਰਟੀ ਨੂੰ ਸੀਟ ਮਿਲੇਗੀ, ਜਦਕਿ ਗਜੇਂਦਰ ਸ਼ੇਖਾਵਤ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਪੁੱਛੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਸੀਟਾਂ ਦੀ ਵੰਡ ਬਾਰੇ ਸਹੀ ਸਮੇਂ ‘ਤੇ ਸੂਚਿਤ ਕੀਤਾ ਜਾਵੇਗਾ।ਉਨ੍ਹਾਂ ਕੈਪਟਨ ਵੱਲੋਂ ਕੀਤੇ ਗੱਠਜੋੜ ਦੇ ਐਲਾਨ ‘ਤੇ ਆਪਣੀ ਮੋਹਰ ਲਾਉਂਦਿਆਂ ਕਿਹਾ ਕਿ ਹੁਣ ਇਹ ਕਹਿ ਸਕਦੇ ਹਾਂ ਕਿ ਭਾਜਪਾ ਕੈਪਟਨ ਦੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੇਗੀ। ਹਲਕਿਆਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਸੂਬੇ ਦਾ ਦੌਰਾ ਕਰਨ ਤੋਂ ਬਾਅਦ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਸੂਬੇ ‘ਚ ਆਦਰਸ਼ ਚੋਣ ਜ਼ਾਬਤਾ ਜਨਵਰੀ ਦੇ ਪਹਿਲੇ ਜਾਂ ਦੂਜੇ ਹਫਤੇ ‘ਚ ਲਗਾਇਆ ਜਾ ਸਕਦਾ ਹੈ। ਇਨ੍ਹਾਂ ਸੰਕੇਤਾਂ ਨੂੰ ਧਿਆਨ ‘ਚ ਰੱਖਦਿਆਂ ਹਰ ਪਾਰਟੀ ਆਪੋ ਆਪਣੀ ਸਥਿਤੀ ਸਪੱਸ਼ਟ ਕਰਨ ‘ਚ ਮਸਰੂਫ਼ ਹੈ, ਜਿਸ ਨੂੰ ਵੇਖਦਿਆਂ ਭਾਜਪਾ ਅਤੇ ਕੈਪਟਨ ਨੇ ਸਮੇਂ ਸਿਰ ਐਲਾਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਆਪੋ-ਆਪਣੀ ਸਮਰੱਥਾ ਵਾਲੇ ਚੋਣ ਹਲਕਿਆਂ ‘ਚ ਪੂਰੀ ਮਜ਼ਬੂਤੀ ਨਾਲ ਉਤਰਿਆ ਜਾ ਸਕੇ।ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦਾ ਗੱਠਜੋੜ ਵਿਧਾਨ ਸਭਾ ਚੋਣਾਂ 101 ਫੀਸਦੀ ਜਿੱਤੇਗਾ। ਚੋਣ ਜਿੱਤਣ ਦੀ ਯੋਗਤਾ ਰੱਖਣ ਵਾਲੇ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਾਲ ਚੱਲ ਰਹੀ ਖਿੱਚੋਤਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਕੈਪਟਨ ਦੀ ਭਾਜਪਾ ਨਾਲ ਪਾਈ ਗਲਵੱਕੜੀ ਤੋਂ ਬਾਹਦ ਸਾਰੀਆਂ ਹੀ ਪਾਰਟੀਆਂ ਵਿੱਚ ਤੂਫ਼ਾਨ ਹੀ ਆ ਗਿਆ ਹੈ |ਚਾਰ ਵਾਰ ਜਿੱਤੇ ਰਾਣਾ ਗੁਰਮੀਤ ਸਿੰਘ ਸੋਢੀ ਵਰਗੇ ਕਾਂਗਰਸੀ ਵੀ ਭਾਜਪਾ ਵਿੱਚ ਜਾ ਰਲੇ ਹਨ |ਕਿਆਸ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੀ 27 ਦਸੰਬਰ ਨੂੰ ਵੀ ਬਹੁਤ ਸਾਰੇ ਲੀਡਰ ਭਾਜਪਾ ਦੀ ਝੋਲੀ ਚੁੱਕਣਗੇ |ਜਦੋ ਕਾਲੇ ਕਨੂੰਨ ਪਾਸ ਹੋਏ ਤੇ ਭਾਜਪਾ ਫੇਲ ਹੋ ਗਈ |ਹੁਣ ਜਦੋ ਕਾਲੇ ਕਨੂੰਨ ਫੇਲ ਹੋ ਗਏ ਤੇ ਭਾਜਪਾ ਪਾਸ ਹੋ ਗਈ |ਹੁਣ ਇਹ ਵੀ ਇੰਝ ਹੀ ਜਾਪਦਾ ਹੈ ਜਿਵੇ ਕਾਲੇ ਕਨੂੰਨ ਵੀ ਇਕ ਸਟੰਟ ਹੀ ਸੀ |ਕਦੇ ਕੈਪਟਨ ਸਾਬ੍ਹ ਸੌਹਾਂ ਖਾ ਕੇ ਇਹ ਕਹਿੰਦਾ ਸੀ ਕਿ ਇਕ ਵਾਰ ਮੈਨੂੰ ਮੌਕਾ ਦਿਉ ,ਪੰਜਾਬ ਨੂੰ ਸਵਰਗ ਬਣਾ ਦਿਆਂਗਾ |ਫਿਰ ਕ਼ੀ ਹੋਇਆ ਜਿਹੜਾ ਪੰਜਾਬ ਨੂੰ ਸਵਰਗ ਨਹੀਂ ਬਣਾ ਸਕਿਆ | ਹੁਣ ਦੁਬਾਰਾ ਕਿਹੜੀ ਸਹੁੰ ਖਾਵੇਗਾ ਕਿ ਮੈਨੂੰ ਮੁੱਖ ਮੰਤਰੀ ਬਣਾਉ ਤੇ ਮੈ ਤੁਹਾਡੀਆਂ ਆਸਾਂ ਉਮੀਦਾਂ ਤੇ ਪੂਰਾ ਉੱਤਰਾਂਗਾ | ਜਦ ਕਿ ਪੰਜਾ ,ਝਾੜੂ ਤੇ ਤੱਕੜੀ ਕੋਈ ਵੀ ਕਸਰ ਨਹੀਂ ਛੱਡ ਰਹੇ |ਸਾਰੇ ਆਪਣੀ ਆਪਣੀ ਪੂਰੀ ਵਾਹ ਲਾਈ ਖੜ੍ਹੇ ਹਨ |ਸਾਰੀਆਂ ਨਿੱਕੀਆਂ ਮੋਟੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਵਿੱਚ ਲੱਗ ਗਈਆਂ ਹਨ | ਨਿੱਤ ਨਵੇਂ ਨਵੇਂ ਲਾਲੀ ਪੌਪ ਦਿੱਤੇ ਜਾ ਰਹੇ ਹਨ |ਹੁਣ ਵੇਖਣਾ ਹੋਵੇਗਾ ਕੀ ਵੋਟਰ ਝੂੱਠੇ ਮੁੱਠੇ ਲਾਲੀ ਪੌਪ ਵਿੱਚ ਫਸਣਗੇ |ਜਾਂ ਫਿਰ ਵਿਕਾਸ ਤੇ ਰੁਜਗਾਰ ਤੇ ਮੋਹਰ ਲਾਉਣਗੇ | (ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ [ਫਿਰੋਜ਼ਪੁਰ ]7589155501)