ਬੁੰਗਾ ਸਾਹਿਬ ਵਿਖੇ ਕਿਸਾਨਾਂ ਵਲੋਂ ਕੰਗਨਾ ਦਾ ਘਿਰਾਓ, ਭਾਰੀ ਵਿਰੋਧ ਦੇਖ ਕਿਸਾਨਾਂ ਤੋਂ ਮੰਗੀ ਮਾਫ਼ੀ

03

December

2021

ਰੋਪੜ: ਕਿਸਾਨਾਂ ਅਤੇ ਸਿੱਖਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੀ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਅੱਜ ਰੋਪੜ ਨੇੜੇ ਬੁੰਗਾ ਸਾਹਿਬ ਵਿਖੇ ਕਿਸਾਨਾਂ ਨੇ ਘੇਰਾ ਪਾਇਆ। ਭਾਰੀ ਵਿਰੋਧ ਦੇ ਚਲਦਿਆਂ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮਾਫੀ ਵੀ ਮੰਗੀ। ਦਰਅਸਲ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਜ਼ਾਹਰ ਕੀਤਾ। ਕਿਸਾਨਾਂ ਵਲੋਂ ‘ਕੰਗਨਾ ਰਣੌਤ ਮੁਰਦਾਬਾਦ’ ਅਤੇ ‘ਕੰਗਨਾ ਗੋ ਬੈਕ’ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਕੰਗਨਾ ਨੇ ਗੱਡੀ ’ਚੋਂ ਬਾਹਰ ਆ ਕੇ ਕਿਸਾਨ ਬੀਬੀਆਂ ਤੋਂ ਮਾਫੀ ਮੰਗੀ। ਇਸ ਮੌਕੇ ਕੰਗਨਾ ਨੇ 'ਪੰਜਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ। ਵਿਰੋਧ ਕਰ ਰਹੇ ਕਿਸਾਨਾਂ ਵਿਚ ਬੀਬੀਆਂ ਵੀ ਸ਼ਾਮਲ ਸਨ। ਕਿਸਾਨਾਂ ਨੇ ਕਿਹਾ ਕਿ ਸਾਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਸਾਨੂੰ ਜਵਾਬ ਦੇ ਕੇ ਜਾਵੇ। ਕੰਗਨਾ ਦੇ ਨਾਲ ਉਸ ਦੇ ਸੁਰੱਖਿਆ ਗਾਰਡ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਨਾਅਰੇਬਾਜ਼ੀ ਕਰਦੇ ਰਹੇ। ਇਸ ਮੌਕੇ ਪੁਲਿਸ ਵਾਲੇ ਕਿਸਾਨਾਂ ਅੱਗੇ ਮਿੰਨਤਾਂ ਤਰਲੇ ਕਰਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਕਿਸਾਨਾਂ ਅਤੇ ਸਿੱਖਾਂ ਖਿਲਾਫ ਕਈ ਵਾਰ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਭਾਰੀ ਵਿਰੋਧ ਹੋਣ ਦੇ ਬਾਵਜੂਦ ਕੰਗਨਾ ਵਲੋਂ ਲਗਾਤਾਰ ਸੋਸ਼ਲ ਮੀਡੀਆ ’ਤੇ ਸਿੱਖਾਂ ਖਿਲਾਫ਼ ਜ਼ਹਿਰ ਉਗਲਿਆ ਜਾ ਰਿਹਾ ਹੈ।