Arash Info Corporation

GST ਦੇ ਦਾਇਰੇ ’ਚ ਆ ਸਕਦੇ ਹਨ ਪੈਟਰੋਲ-ਡੀਜ਼ਲ, 17 ਸਤੰਬਰ ਨੂੰ ਹੋਵੇਗੀ GST ਕੌਂਸਲ ਦੀ ਬੈਠਕ

15

September

2021

ਲਖਨਊ: ਅਗਲੇ ਸਾਲ ਦੇਸ਼ ਦੇ 5 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਇਕ ਵੱਡਾ ਫੈਸਲਾ ਲੈ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ 'ਇਕ ਦੇਸ਼-ਇਕ ਕੀਮਤ' ਯੋਜਨਾ ਦੇ ਤਹਿਤ ਪੈਟਰੋਲ-ਡੀਜ਼ਲ, ਕੁਦਰਤੀ ਗੈਸ ਅਤੇ ਹਵਾਬਾਜ਼ੀ ਟਰਬਾਈਨ ਫਿਊਲ ਨੂੰ GST ਦੇ ਦਾਇਰੇ ਵਿਚ ਲਿਆਉਣ 'ਤੇ ਵਿਚਾਰ ਕਰਨਾ ਸ਼ੁਰੂ ਕਰ ਸਕਦੀ ਹੈ। 17 ਸਤੰਬਰ ਨੂੰ ਲਖਨਊ ਵਿਚ GST ਕੌਂਸਲ ਦੀ ਬੈਠਕ ਵਿਚ ਇਸ ਉੱਤੇ ਚਰਚਾ ਹੋਣ ਦੀ ਸੰਭਾਵਨਾ ਹੈ। GST ਕੌਂਸਲ ਦੀ ਇਸ 45 ਵੀਂ ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ। ਇਸ ਦੌਰਾਨ ਮੰਤਰੀ ਸਮੂਹ 'ਇਕ ਦੇਸ਼-ਇਕ ਕੀਮਤ' ਦੇ ਪ੍ਰਸਤਾਵ 'ਤੇ ਚਰਚਾ ਕਰ ਸਕਦਾ ਹੈ। ਮੀਟਿੰਗ ਵਿਚ ਇਕ ਜਾਂ ਇਕ ਤੋਂ ਵੱਧ ਪੈਟਰੋਲੀਅਮ ਉਤਪਾਦਾਂ ਨੂੰ GST ਦੇ ਦਾਇਰੇ ਵਿਚ ਲਿਆਉਣ ਲਈ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਜੇਕਰ GST ਕੌਂਸਲ ਮੰਤਰੀ ਸਮੂਹ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਦੇਸ਼ ਦੇ ਸਾਰੇ ਸੂਬਿਆਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕੋ ਜਿਹੀਆਂ ਹੋ ਜਾਣਗੀਆਂ। ਇੰਨਾ ਹੀ ਨਹੀਂ, ਇਕਸਾਰ GST ਦੇ ਕਾਰਨ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਕਮੀ ਵੀ ਆਵੇਗੀ। ਹਾਲਾਂਕਿ ਸੂਤਰਾਂ ਦਾ ਦਾਅਵਾ ਹੈ ਕਿ GST ਕੌਂਸਲ ਦੇ ਉੱਚ ਅਧਿਕਾਰੀ ਪੈਟਰੋਲੀਅਮ ਉਤਪਾਦਾਂ 'ਤੇ ਇਕਸਾਰ GST ਲਗਾਉਣ ਲਈ ਤਿਆਰ ਨਹੀਂ ਹਨ। ਦੱਸ ਦੇਈਏ ਵਿੱਤੀ ਸਾਲ 2019-20 ਵਿਚ, ਸੂਬਾ ਅਤੇ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ ਤੋਂ 5.55 ਲੱਖ ਕਰੋੜ ਦੀ ਆਮਦਨ ਪ੍ਰਾਪਤ ਹੋਈ ਸੀ। ਮੀਟਿੰਗ ਵਿਚ, ਕੋਰੋਨਾ ਦੇ ਇਲਾਜ ਨਾਲ ਜੁੜੇ ਉਪਕਰਣਾਂ ਅਤੇ ਦਵਾਈਆਂ 'ਤੇ ਵੀ ਟੈਕਸ ਤੋਂ ਛੋਟ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ 80 ਲੱਖ ਤੋਂ ਜ਼ਿਆਦਾ ਫਰਮਾਂ ਲਈ ਆਧਾਰ ਨੂੰ ਲਾਜ਼ਮੀ ਬਣਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ, GST ਕੌਂਸਲ ਸਿੱਕਮ ਵਿਚ ਫਾਰਮਾ ਅਤੇ ਬਿਜਲੀ ਉੱਤੇ ਵਿਸ਼ੇਸ਼ ਸੈੱਸ ਦੀ ਇਜਾਜ਼ਤ ਦੇਣ ਲਈ ਮੰਤਰੀ ਸਮੂਹ ਦੀ ਰਿਪੋਰਟ ਉੱਤੇ ਵਿਚਾਰ ਕਰੇਗੀ।