ਪੰਜਾਬ ’ਚ ਮੁੱਖ ਮੰਤਰੀ ਦੇ ਸਿੱਖ ਚਿਹਰੇ ਲਈ ਉੱਚ ਚੋਟੀ ਦੇ ਅਧਿਕਾਰੀ ’ਤੇ ਕੇਜਰੀਵਾਲ ਦੀ ਅੱਖ ?

10

September

2021

ਲੁਧਿਆਣਾ, 10 ਸਤੰਬਰ (ਸ.ਨ.ਸ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਸ ਨੇ ਅੱਜ ਤੋਂ ਤਿੰਨ-ਚਾਰ ਮਹੀਨੇ ਪਹਿਲਾ ਮੀਡੀਆ ’ਚ ਇਹ ਬਿਆਨ ਦਿੱਤਾ ਸੀ ਕਿ ਉਹ 2022 ਦੀਆਂ ਚੌਣਾਂ ਲਈ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਜਲਦ ਪੇਸ਼ ਕਰਨਗੇ। ਇਸ ਸਬੰਧੀ ਹੁਣ ਸਿਆਸੀ ਹਲਕਿਆਂ ਨੇ ਵੱਡਾ ਇਸ਼ਾਰਾ ਕੀਤਾ ਕਿ ਸ੍ਰੀ ਕੇਜਰੀਵਾਲ ਦੀ ਅੱਖ ਪੰਜਾਬ ਵਿੱਚ ਉੱਚ ਚੋਟੀ ਦੇ ਵੱਡੇ ਅਹੁਦੇ ’ਤੇ ਬੈਠੇ ਸੀਨੀਅਰ ਅਧਿਕਾਰੀ ਤੇ ਟਿੱਕੀ ਹੋਈ ਹੈ। ਇਹ ਅਧਿਕਾਰੀ ਅਗਲੇ ਮਹੀਨੇ ਸੇਵਾਮੁਕਤ ਹੋਣ ਵਾਲਾ ਦੱਸਿਆ ਜਾ ਰਿਹਾ ਹੈ। ਜੇਕਰ ਸੱਚਮੁੱਚ ਉਹ ਅਧਿਕਾਰੀ ਮੁੱਖ ਮੰਤਰੀ ਦਾ ਚਿਹਰਾ ਬਣ ਗਿਆ ਤਾਂ ਪੰਜਾਬ ’ਚ ‘ਆਪ’ ਦੀ ਸਥਿਤੀ ਇਕੋ ਦਿਨ ਹੋਰ ਜ਼ੋਰ ਫੜ ਜਾਵੇਗੀ। ਭਾਵੇਂ ਹੁਣ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਦੇ ਸਮਰਥਕ ਵੀ ਰੌਲਾ ਪਾਉਣ ਲੱਗ ਪਏ ਹਨ ਪਰ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਦਿੱਲੀ ਵਾਲੀ ਤੇ ਪੰਜਾਬ ਵਿਚਲੀ ਟੀਮ ਭਗਵੰਤ ਮਾਨ ਨੂੰ ਟਿਕਾਉਣ ਜਾਂ ਮਨਾਉਣ ’ਚ ਲੱਗੀ ਹੋਈ ਹੈ। ਬਾਕੀ ਕੋਈ ਨਾ ਕੋਈ ਗੱਲ ਨਿੱਤਰ ਕੇ ਸਾਹਮਣੇ ਆ ਜਾਵੇਗੀ ਪਰ ਜਿਸ ਅਧਿਕਾਰੀ ਤੇ ਕੇਜਰੀਵਾਲ ਦੀ ਅੱਖ ਹੈ, ਉਹ ਸੱਚਮੁੱਚ ਵੱਡਾ ਚਿਹਰਾ ਹੈ। ਭਗਵੰਤ ਮਾਨ ਵੀ ਉਸ ’ਤੇ ਹਾਂ ਪੱਖੀ ਵਤੀਰਾ ਅਪਣਾ ਸਕਦਾ ਹੈ।