ਪਹਿਲੀ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਦੀ ਕੋਸ਼ਿਸ਼

26

October

2018

ਚੰਡੀਗੜ੍ਹ, ਇਥੋਂ ਦੇ ਪੈਰੀਫੇਰੀ ਦੇ ਇਕ ਸਰਕਾਰੀ ਮਾਡਲ ਹਾਈ ਸਕੂਲ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਨਾਲ ਸਕੂਲ ਦੇ ਹੀ ਸੱਤਵੀਂ ਜਮਾਤ ਦੇ ਵਿਦਿਆਰਥੀ ਵਲੋਂ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ। ਵਿਰੋਧ ਕਰਨ ’ਤੇ ਲੜਕੀ ਦੀ ਕੁੱਟਮਾਰ ਵੀ ਕੀਤੀ ਗਈ। ਲੜਕੀ ਦੇ ਮਾਪਿਆਂ ਵਲੋਂ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਤਾਂ ਪਹਿਲਾਂ ਸਕੂਲ ਪ੍ਰਬੰਧਕਾਂ ਨੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਵਧਦਾ ਦੇਖ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਵਿਦਿਆਰਥੀ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਦੱਖਣੀ ਹਿੱਸੇ ਦੇ ਪੈਰੀਫੇਰੀ ਦਾ ਇਹ ਸਕੂਲ ਦੋ ਸ਼ਿਫਟਾਂ ਵਿਚ ਚਲਦਾ ਹੈ ਤੇ ਛੋਟੀਆਂ ਜਮਾਤਾਂ ਦੇ ਵਿਦਿਆਰਥੀ ਸਵੇਰ ਦੀ ਸ਼ਿਫਟ ਵਿਚ ਆਉਂਦੇ ਹਨ ਤੇ ਪੰਜਵੀਂ ਤੋਂ ਬਾਅਦ ਦੇ ਵਿਦਿਆਰਥੀ ਦੁਪਹਿਰ ਦੀ ਸ਼ਿਫਟ ਵਿਚ ਪੜ੍ਹਾਈ ਕਰਦੇ ਹਨ। ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਜਦੋਂ ਛੁੱਟੀ ਤੋਂ ਬਾਅਦ ਪਖਾਨੇ ਗਈ ਤਾਂ ਦੁਪਹਿਰ ਦੀ ਸ਼ਿਫਟ ਵਿਚ ਆਉਣ ਵਾਲਾ ਸੱਤਵੀਂ ਜਮਾਤ ਦਾ ਵਿਦਿਆਰਥੀ ਵੀ ਉਸ ਦੇ ਪਿੱਛੇ ਗਿਆ ਤੇ ਉਥੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਲੜਕੇ ਨੇ ਉਸ ਦੇ ਥੱਪੜ ਮਾਰੇ ਤੇ ਬਾਂਹ ਵੀ ਮਰੋੜੀ। ਇਸ ਤੋਂ ਬਾਅਦ ਲੜਕੀ ਘਰ ਚਲੀ ਗਈ ਤੇ ਘਰ ਜਾ ਕੇ ਸਾਰੀ ਗੱਲ ਮਾਪਿਆਂ ਨੂੰ ਦੱਸੀ। ਲੜਕੀ ਦੀ ਮਾਂ ਨੇ ਅਗਲੇ ਦਿਨ ਸਕੂਲ ਮੁਖੀ ਨੂੰ ਸ਼ਿਕਾਇਤ ਕੀਤੀ ਜਿਸ ਨੇ ਪਹਿਲਾਂ ਤਾਂ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਾਪੇ ਨਾ ਮੰਨੇ ਤਾਂ ਉਨ੍ਹਾਂ 23 ਅਕਤੂਬਰ ਨੂੰ ਜ਼ੁਬਾਨੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜਾਣੂ ਕਰਵਾਇਆ। ਅਧਿਕਾਰੀ ਨੇ ਇਸ ਬਾਰੇ ਲਿਖਤੀ ਸ਼ਿਕਾਇਤ ਮੈਡੀਕਲ ਰਿਪੋਰਟ ਸਣੇ ਦੇਣ ਨੂੰ ਕਿਹਾ ਹੈ। ਲੜਕੀ ਦਾ ਮੈਡੀਕਲ ਕਰਵਾਉਣ ਦੀ ਹਦਾਇਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਨੂਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲ ਗਈ ਸੀ ਤੇ ਉਨ੍ਹਾਂ ਸਕੂਲ ਮੁਖੀ ਤੋਂ ਲਿਖਤੀ ਸ਼ਿਕਾਇਤ ਮੰਗੀ ਹੈ ਤੇ ਉਨ੍ਹਾਂ ਮਾਪਿਆਂ ਨੂੰ ਲੜਕੀ ਦਾ ਮੈਡੀਕਲ ਕਰਵਾਉਣ ਲਈ ਵੀ ਕਿਹਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ ਹੈ। ਸਕੂਲ ਦੇ ਮੁਖੀ ਨੇ ਦੱਸਿਆ ਕਿ ਪਹਿਲਾਂ ਮਾਪੇ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਲੜਕੇ ਨੂੰ ਮਾਪਿਆਂ ਨੂੰ ਬੁਲਾਇਆ ਗਿਆ ਸੀ ਪਰ ਦੁਬਾਰਾ ਸ਼ਿਕਾਇਤ ਮਿਲਣ ’ਤੇ ਸੱਤਵੀਂ ਦੇ ਵਿਦਿਆਰਥੀ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ ਹੈ।