ਐੱਲਆਈਸੀ ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਤੇ ਬੈਂਕਾਂ ਬਾਰੇ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰੋ: ਜਾਵੜੇਕਰ

16

March

2021

ਨਵੀਂ ਦਿੱਲੀ, 16 ਮਾਰਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਜੀਵਨ ਬੀਮਾ ਨਿਗਮ (ਐੱਲਆਈਸੀ) ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਹੈ ਅਤੇ ਬੈਂਕਾਂ ਦੇ ਸਬੰਧੀ ਅਫਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸ੍ਰੀ ਜਾਵੜੇਕਰ ਨੇ ਇਹ ਗੱਲ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੇ ਸਵਾਲ ਦੇ ਜਵਾਬ ਵਿੱਚ ਕਹੀ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਜਨਤਕ ਇਕਾਈਆਂ ਨੂੰ ਮੁੜ ਖੜ੍ਹਾ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ਖੜ੍ਹਾ ਕੀਤਾ ਜਾਵੇ। ਮੰਤਰੀ ਨੇ ਕਿਹਾ, ‘‘ਐੱਲਆਈਸੀ ਦਾ ਨਿੱਜੀਕਰਨ ਨਹੀਂ ਹੋ ਰਿਹਾ। ਇਹ ਗ਼ਲਤਫਹਿਮੀ ਹੈ। ਜਿਥੋਂ ਤੱਕ ਬੈਂਕਾਂ ਦਾ ਸਵਾਲ ਹੈ ਤਾਂ ਉਸ ਬਾਰੇ ਅਫ਼ਵਾਹਾਂ ’ਤੇ ਭਰੋਸਾ ਨਾ ਕਰੋ।'' ਇਸ ਤੋਂ ਪਹਿਲਾਂ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੈ ਕਿਹਾ ਕਿ ਸੀ ਕਿ ਐੱਲਆਈਸੀ ਦਾ ਆਈਪੀਓ ਲਿਆਉਣ ਦੀ ਤਜਵੀਜ਼ ਹੈ ਤੇ ਇਸ ਨਾਲ ਮੁਲਾਜ਼ਮਾਂ ਦੀ ਨੌਕਰੀ ਨਹੀਂ ਜਾਵੇਗੀ।