ਵਿਆਹ ਮੌਕੇ ਕੇਟਰਰ ਪੈਸੇ ਲੈ ਕੇ ਫ਼ਰਾਰ

24

October

2018

ਡੇਰਾਬੱਸੀ, ਇੱਥੋਂ ਦੇ ਪਿੰਡ ਰਾਮਪੁਰ ਸੈਣੀਆਂ ਦੇ ਇੱਕ ਪਰਿਵਾਰ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਲੜਕੀ ਦੇ ਵਿਆਹ ਲਈ ਬੁੱਕ ਕੀਤਾ ਗਿਆ ਕੇਟਰਰ ਪੈਸੇ ਲੈ ਕੇ ਫ਼ਰਾਰ ਹੋ ਗਿਆ। ਪਰਿਵਾਰ ਨੂੰ ਆਪਣੀ ਇੱਜ਼ਤ ਬਚਾਉਣ ਲਈ ਐਨ ਮੌਕੇ ’ਤੇ ਬਰਾਤ ਲਈ ਖਾਣ-ਪੀਣ ਦੇ ਸਾਮਾਨ ਦਾ ਇੰਤਜ਼ਾਮ ਖ਼ੁਦ ਕਰਨਾ ਪਿਆ। ਲੜਕੀ ਦੇ ਪਿਤਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 21 ਅਕਤੂਬਰ ਨੂੰ ਪਿੰਡ ਸਦੋਮਾਜਰਾ, ਸਰਹਿੰਦ ਦੇ ਵਸਨੀਕ ਨਾਲ ਹੋਣਾ ਤੈਅ ਹੋਇਆ ਸੀ। ਵਿਆਹ ਲਈ ਉਨ੍ਹਾਂ ਨੇ ਖਰੜ ਦੇ ਮਹਾਰਾਜਾ ਕੇਟਰਰ ਐਂਡ ਟੈਂਟ ਹਾਊਸ ਦੇ ਮਾਲਕ ਨੂੰ ਦੋ ਲੱਖ ਅੱਸੀ ਹਜ਼ਾਰ ਰੁਪਏ ਵਿੱਚ ਬੁੱਕ ਕੀਤਾ ਸੀ ਅਤੇ ਦੋ ਲੱਖ ਰੁਪਏ ਐਡਵਾਂਸ ਦਿੱਤੇ ਸਨ। 20 ਅਕਤੂਬਰ ਨੂੰ ਮੇਲ ਦੇ ਰੋਟੀ-ਪਾਣੀ ਦਾ ਪ੍ਰਬੰਧ ਅਤੇ 21 ਅਕਤੂਬਰ ਨੂੰ ਡੇਰਾਬੱਸੀ ਨੇੜੇ ਸਥਿਤ ਮੁੰਦਰਾ ਫਾਰਮ ਵਿੱਚ ਆਉਣ ਵਾਲੀ ਬਰਾਤ ਲਈ ਸਾਰਾ ਇੰਤਜ਼ਾਮ ਕੇਟਰਰ ਨੇ ਕਰਨਾ ਸੀ। ਮੇਲ ਵਾਲੇ ਦਿਨ ਕੇਟਰਰ ਨੇ ਸਾਰਾ ਕੰਮ ਸਹੀ ਤਰੀਕੇ ਨਾਲ ਕੀਤਾ ਅਤੇ ਬਾਕੀ ਰਹਿੰਦੇ 80 ਹਜ਼ਾਰ ਰੁਪਏ ਵੀ ਲੈ ਗਿਆ। ਅਗਲੇ ਦਿਨ ਬਰਾਤ ਆਉਣੀ ਸੀ ਤਾਂ ਕੇਟਰਰ ਵੱਲੋਂ ਭੇਜੇ ਹਲਵਾਈ ਖਾਣ-ਪੀਣ ਦਾ ਸਾਮਾਨ ਤਿਆਰ ਕਰਨ ਲਈ ਰਾਸ਼ਨ ਦੀ ਉਡੀਕ ਕਰਦੇ ਰਹੇ ਪਰ ਸਵੇਰ ਹੋਣ ਤੱਕ ਨਾ ਕੇਟਰਰ ਪੁੱਜਿਆ ਅਤੇ ਨਾ ਹੀ ਸਾਮਾਨ ਪੁੱਜਿਆ। ਸਵੇਰ ਹੋਣ ’ਤੇ ਕੇਟਰਰ ਦਾ ਫੋਨ ਵੀ ਬੰਦ ਆਉਣ ਲੱਗ ਪਿਆ, ਜਿਸ ਕਰਕੇ ਪਰਿਵਾਰ ਨੂੰ ਹੱਥਾਂ-ਪੈਰ ਦੀ ਪੈ ਗਈ ਕਿਉਂਕਿ ਬਰਾਤ ਦੇ ਆਉਣ ਦਾ ਸਮਾਂ ਹੋ ਗਿਆ। ਕੇਟਰਰ ਵੱਲੋਂ ਐਨ ਮੌਕੇ ’ਤੇ ਦਿੱਤੇ ਧੋਖੇ ਤੋਂ ਬਾਅਦ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਪੈਲੇਸ ਮਾਲਕ ਨਾਲ ਮਿਲ ਕੇ ਜਲਦਬਾਜ਼ੀ ਵਿੱਚ ਖਾਣ-ਪੀਣ ਦਾ ਸਮਾਨ ਤਿਆਰ ਕਰਵਾ ਕੇ ਬਰਾਤ ਦੀ ਸੇਵਾ ਕੀਤੀ। ਕੇਟਰਰ ਆਪਣਾ ਸਮਾਨ ਵੀ ਪੈਲੇਸ ਵਿੱਚ ਹੀ ਛੱਡ ਗਿਆ, ਜਿਸ ਦੀ ਹੁਣ ਉਨ੍ਹਾਂ ਨੂੰ ਰਾਖੀ ਕਰਨੀ ਪੈ ਰਹੀ ਹੈ। ਉਸਨੇ ਆਪਣਾ ਫੋਨ ਬੰਦ ਕੀਤਾ ਹੋਇਆ ਹੈ, ਜਿਸ ਕਰਕੇ ਉਸ ਨਾਲ ਸੰੰਪਰਕ ਨਹੀਂ ਹੋ ਸਕਿਆ। ਲੜਕੀ ਦੇ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਕੇਟਰਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।