ਇਟਲੀ 'ਚ 15 ਮਾਰਚ ਤੋਂ ਫਿਰ ਹੋਵੇਗੀ ਤਾਲਾਬੰਦੀ ਸ਼ੁਰੂ

13

March

2021

ਵੈਨਿਸ (ਇਟਲੀ)13ਮਾਰਚ- ਕੋਰੋਨਾ ਮਹਾਂਮਾਰੀ ਤੋਂ ਯੂਰਪ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਟਲੀ ਦੇਸ਼ 'ਚ ਇਕ ਵਾਰ ਫਿਰ ਤਾਲਾਬੰਦੀ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ।ਬੀਤੇ ਦਿਨ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਨੇ ਇਸ ਨਵੇਂ ਆਦੇਸ਼ ਤੇ ਦਸਤਖਤ ਕਰਦਿਆਂ ਇਹ ਐਲਾਨ ਕੀਤਾ ਕਿ 15 ਮਾਰਚ ਤੋਂ 6 ਅਪ੍ਰੈਲ ਤੱਕ ਇਟਲੀ ਵਿੱਚ ਨਵੇਂ ਸਿਰਿਓ ਲੌਕਡਾਉਨ ਲਗਾਇਆ ਜਾਵੇਗਾ।ਇਟਲੀ ਚ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਹਾਲਾਤ ਚਿੰਤਾਂਜਨਕ ਬਣੇ ਹੋਏ ਹਨ।ਇੱਥੇ 10ਰਾਜਾਂ ਨੂੰ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵ ਵਾਲੇ ਰਾਜ ਐਲਾਨਿਆ ਗਿਆ ਹੈ।ਇਸ ਪ੍ਰਕਾਰ ਇਨਾਂ੍ਹ ਰਾਜਾਂ ਵਿੱਚ 15 ਮਾਰਚ ਤੋਂ ਰੈੱਡ ਹਾਸ਼ੀਆ ਭਾਵ ਐਮਰਜੈਂਸੀ ਸ਼ਰੂ ਹੋ ਜਾਵੇਗੀ।ਇਨਾਂ੍ਹ ਰਾਜਾਂ ਵਿੱਚ ਲਾਸ਼ੀਓ,ਲੋਮਬਾਰਦੀਆ,ਈਮੀਲੀਆ ਰੋਮਾਨਾ,ਫਰੀਓਲੀ ਵੀਨੇਸ਼ੀਆ ਜੁਲੀਆ,ਮਾਰਕੇ,ਪੀਓਮੌਨਤੇ,ਪੁਲੀਆ,ਵੈਨੇਤੋ,ਕੰਪਾਨੀਆ ਅਤੇ ਮੋਲੀਸੇ ਰਾਜਾਂ ਦੇ ਨਾਂ ਸ਼ਾਮਿਲ ਹਨ।ਇਨਾਂ੍ਹ ਰਾਜਾਂ ਵਿੱਚ ਸਾਰੇ ਸਕੂਲ ,ਬਾਰ ਅਤੇ ਰੈਸਟੋਰੈਂਟ ਬੰਦ ਰਹਿਣਗੇ।ਮਿਤੀ 4 ਅਪ੍ਰੈਲ ਨੂੰ ਆ ਰਹੇ ਈਸਟਰ ਦੇ ਤਿਉਹਾਰ ਮੌਕੇ ਵੀ ਲੋਕਾਂ ਨੂੰ ਘਰਾਂ ਵਿੱਚ ਹੀ ਬੰਦ ਰਹਿਣਾ ਪਵੇਗਾ।ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਕਿਹਾ ਹੈ ਕਿ ਕੋਰੋਨਾ ਨਾਲ਼ ਨਜਿੱਠਣ ਲਈ ਦੇਸ਼ ਦੇ ਹਰ ਇਕ ਨਾਗਰਿਕ ਨੂੰ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ।ਉਨਾਂ੍ਹ ਦੱਸਿਆ ਕਿ ਰੋਜਾਨਾ 5 ਲੱਖ ਐਂਟੀ ਕੋਰੋਨਾ ਵੈਕਸੀਨ ਯਕੀਨੀ ਬਣਾਈ ਜਾ ਰਹੀ ਹੈ।ਦੱਸਣਯੋਗ ਹੈ ਕਿ ਇਟਲੀ ਚ ਕੋਰੋਨਾ ਦਾ ਪਹਿਲਾ ਕੇਸ ਫਰਵਰੀ 2020 ਵਿੱਚ ਸਾਹਮਣੇ ਆਇਆ ਸੀ ਅਤੇ 9ਮਾਰਚ 2020 ਨੂੰ ਤਾਲਾਬੰਦੀ ਸ਼ਰੂ ਹੋ ਗਈ ਸੀ।ਹੁਣ ਇਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਰੋਨਾ ਕੇਸਾਂ ਦੇ ਫਿਰ ਵਧ ਜਾਣ ਕਾਰਨ ਸਰਕਾਰ ਦੁਆਰਾ ਆਖਿਰ ਫਿਰ ਤਾਲਾਬੰਦੀ ਲਗਾਉਣੀ ਪੈ ਰਹੀ ਹੈ।ਕੋਰੋਨਾ ਕਾਰਨ ਇਟਲੀ ਵਿੱਚ ਮੌਤਾਂ ਦਾ ਅੰਕੜਾਂ 1 ਲੱਖ ਤੋਂ ਜਿਆਦਾ ਟੱਪ ਚੁੱਕਿਆ ਹੈ।