ਦੇਸ਼ ’ਚ ਕਰੋਨਾ ਟੀਕਾਕਰਨ ਦਾ ਅਗਲਾ ਗੇੜ ਸ਼ੁਰੂ

02

March

2021

ਨਵੀਂ ਦਿੱਲੀ, 2 ਮਾਰਚ- ਕੋਵਿਡ-19 ਖ਼ਿਲਾਫ਼ ਟੀਕਾਕਰਨ ਦਾ ਅਗਲਾ ਗੇੜ ਅੱਜ ਤੋਂ ਪੂਰੇ ਦੇਸ਼ ਵਿੱਚ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉੜੀਸਾ ਦੇ ਉਨ੍ਹਾਂ ਦੇ ਹਮਰੁਤਬਾ ਨਵੀਨ ਪਟਨਾਇਕ, ਐੱਨਸੀਪੀ ਮੁਖੀ ਸ਼ਰਦ ਪਵਾਰ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ 60 ਸਾਲ ਤੋਂ ਵੱਧ ਉਮਰ ਦੇ ਵਰਗ ਵਿੱਚ ਟੀਕੇ ਲਗਵਾਏ। ਇਸ ਗੇੜ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 45 ਸਾਲ ਤੋਂ ਵਧ ਉਮਰ ਦੇ ਗੰਭੀਰ ਰੋਗਾਂ ਨਾਲ ਪੀੜਤ ਲੋਕਾਂ ਨੂੰ ਹੀ ਟੀਕੇ ਲੱਗਣਗੇ। ਇਸ ਦੌਰਾਨ ਸਿਖ਼ਰਲੀ ਅਦਾਲਤ ਦੇ ਜੱਜਾਂ ਨੂੰ ਮੰਗਲਵਾਰ ਨੂੰ ਟੀਕੇ ਲਾਏ ਜਾਣਗੇ। ਦਿਲਚਸਪ ਗੱਲ ਹੈ ਕਿ ਟੀਕਾਕਰਨ ਮੌਕੇ ਜੱਜਾਂ ਨੂੰ ਦੋਵਾਂ ਟੀਕਿਆਂ ’ਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਪੂਰੀ ਖੁੱਲ੍ਹ ਹੋਵੇਗੀ। ਚੇਤੇ ਰਹੇ ਕਿ 16 ਜਨਵਰੀ ਨੂੰ ਸ਼ੁਰੂ ਹੋਏ ਟੀਕਾਕਰਨ ਦੇ ਪਹਿਲੇ ਗੇੜ ’ਚ ਸਿਹਤ ਸੰਭਾਲ ਤੇ ਮੂਹਰਲੀ ਕਤਾਰ ਦੇ ਕਰਮੀਆਂ ਨੂੰ ‘ਕੋਵੀਸ਼ੀਲਡ ਤੇ ਕੋਵੈਕਸੀਨ’ ਦੀਆਂ 1.43 ਕਰੋੜ ਖੁਰਾਕਾਂ ਲਾਈਆਂ ਗਈਆਂ ਸਨ। ਉਂਜ ਕਰੋਨਾ ਟੀਕਾਕਰਨ ਦਾ ਇਹ ਗੇੜ ਅਜਿਹੇ ਮੌਕੇ ਸ਼ੁਰੂ ਹੋਇਆ ਹੈ ਜਦੋਂ ਪੰਜਾਬ, ਜੰਮੂ ਕਸ਼ਮੀਰ, ਗੁਜਰਾਤ ਤੇ ਮਹਾਰਾਸ਼ਟਰ ਸਮੇਤ ਅੱਠ ਜ਼ਿਲ੍ਹਿਆਂ ’ਚ ਪਿਛਲੇ ਕੁਝ ਦਿਨਾਂ ’ਚ ਕਰੋਨਾਵਾਇਰਸ ਦੇ ਸਰਗਰਮ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਏਮਜ਼ ਵਿੱਚ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਲਈ। ਪੁੱਡੂਚੇਰੀ ਨਾਲ ਸਬੰਧਤ ਨਰਸ ਪੀ.ਨਿਵੇਦਾ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਬਾਇਓਟੈੱਕ ਵੱਲੋਂ ਨਿਰਮਤ ਕੋਵੈਕਸੀਨ ਦਾ ਟੀਕਾ ਲਾਇਆ। ਸ੍ਰੀ ਮੋਦੀ ਨੇ ਆਪਣੇ ਟੀਕਾਕਰਨ ਤੋਂ ਫੌਰੀ ਮਗਰੋਂ ਕੀਤੇ ਇਕ ਟਵੀਟ ’ਚ ਕਿਹਾ, ‘ੲੇਮਜ਼ ਵਿੱਚ ਕੋਵਿਡ-19 ਟੀਕੇ ਦੀ ਆਪਣੀ ਪਹਿਲੀ ਖੁਰਾਕ ਲਵਾਈ। ਕਮਾਲ ਦੀ ਗੱਲ ਹੈ ਕਿ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਫੌਰੀ ਕੰਮ ਕਰਦਿਆਂ ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ​ਕੀਤਾ। ਮੈਂ ਟੀਕੇ ਲਗਵਾਉਣ ਦੇ ਯੋਗ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਟੀਕੇ ਜ਼ਰੂਰ ਲਗਵਾਉਣ। ਆਓ ਆਪਾਂ ਮਿਲ ਕੇ ਭਾਰਤ ਨੂੰ ਕੋਵਿਡ-19 ਮੁਕਤ ਕਰੀਏ।’ ਪ੍ਰਧਾਨ ਮੰਤਰੀ ਨੇ ਟੀਕੇ ਦੀ ਪਹਿਲੀ ਖੁਰਾਕ ਲਵਾਉਂਦਿਆਂ ਦੀ ਆਪਣੀ ਤਸਵੀਰ ਵੀ ਪੋਸਟ ਕੀਤੀ, ਜਿਸ ਵਿੱਚ ਉਹ ਗਲ ’ਚ ਅਸਾਮੀ ‘ਗਮਛਾ’ ਪਾਈ ਨਜ਼ਰ ਆ ਰਹੇ ਹਨ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਖੁ਼ਦ ਏਮਜ਼ ਪੁੱਜ ਕੇ ਟੀਕਾ ਲਗਵਾਇਆ ਤੇ ਇਸ ਦੌਰਾਨ ਏਮਜ਼ ਤੱਕ ਦੇ ਸਫ਼ਰ ਦੌਰਾਨ ਸੜਕਾਂ ’ਤੇ ਕੋਈ ਪਾਬੰਦੀਆਂ ਨਹੀਂ ਲਾਈਆਂ ਗਈਆਂ ਤਾਂ ਕਿ ਆਮ ਲੋਕਾਂ ਨੂੰ ਮੁਸ਼ਕਲਾਂ ਨਾ ਆਉਣ। ਨਰਸ ਨਿਵੇਦਾ ਨੇ ਟੀਕਾ ਲੱਗਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਲਾ ਵੀ ਦਿੱਤਾ ਤੇ ਪਤਾ ਵੀ ਨਹੀਂ ਲੱਗਾ।’ ਪ੍ਰਧਾਨ ਮੰਤਰੀ ਸਮੇਤ ਜਿਨ੍ਹਾਂ ਹੋਰ ਲੋਕਾਂ ਨੇ ਅੱਜ ਕੋਵਿਡ-19 ਦੀ ਪਹਿਲੀ ਖੁਰਾਕ ਲਵਾਈ ਹੈ, ਉਨ੍ਹਾਂ ਨੂੰ ਹੁਣ 28 ਦਿਨਾਂ ਮਗਰੋਂ ਦੂਜੀ ਖੁਰਾਕ ਲੱਗੇਗੀ। ਏਮਜ਼ ਦੇ ਮੁਖੀ ਡਾ. ਗੁਲੇਰੀਆ ਨੇ ਕਿਹਾ ਕਿ ਟੀਕਾਕਰਨ ਲਈ ਪ੍ਰਧਾਨ ਮੰਤਰੀ ਦੀ ਏਮਜ਼ ਫੇਰੀ ਬਾਰੇ ਐਤਵਾਰ ਰਾਤ ਨੂੰ ਹੀ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਕਰਕੇ ਉਨ੍ਹਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਸਨ। ਟੀਕਾ ਲਵਾਉਣ ਦੇ ਚਾਹਵਾਨ ਕੋ-ਵਿਨ ਐਪ, ਅਰੋਗਿਆ ਸੇਤੂ ਐਪ ਜਾਂ ਫਿਰ ਪੋਰਟਲ http://www.cowin.gov.in ’ਤੇ ਵੀ ਰਜਿਸਟਰ ਕਰ ਸਕਦੇ ਹਨ। ਲੋਕ ਨੇੜਲੇ ਹਸਪਤਾਲਾਂ ’ਚ ਜਾ ਕੇ ਖੁ਼ਦ ਨੂੰ ਰਜਿਸਟਰ ਕਰ ਸਕਦੇ ਹਨ। ਦੇਸ਼ ਨੂੰ ਕਰੋਨਾ ਤੋਂ ਨਿਜਾਤ ਦਿਵਾਉਣ ਲਈ ਲੋਕ ਅੱਗੇ ਆਉਣ: ਗੁਲੇਰੀਆ ਏਮਜ਼ ਦੇ ਮੁਖੀ ਡਾ.ਰਣਦੀਪ ਗੁਲੇਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਵੈਕਸੀਨ ਲਵਾਉਣ ਲਈ ਖੁ਼ਦ ਅੱਗੇ ਆਉਣ ਨਾਲ ਹੋਰਨਾਂ ਲੋਕਾਂ ਦਾ ਆਤਮਵਿਸ਼ਵਾਸ ਵਧੇਗਾ ਤੇ ਵੈਕਸੀਨ ਬਾਰੇ ਉਨ੍ਹਾਂ ਦੇ ਸ਼ੱਕ ਸ਼ੁਬ੍ਹੇ ਦੂਰ ਹੋਣਗੇ। ਉਨ੍ਹਾਂ ਕਿਹਾ ਕਿ ਲੋਕ ਟੀਕਾਕਰਨ ਲਈ ਖ਼ੁਦ ਅੱਗੇ ਆਉਣ ਤੇ ਦੇਸ਼ ਨੂੰ ਇਸ ਰੋਗ ਤੋਂ ਨਿਜਾਤ ਦਿਵਾਉਣ।