ਸਾਬਕਾ ਕੌਂਸਲਰਾਂ ਵੱਲੋਂ ਕੁਲਵੰਤ ਸਿੰਘ ਦੀ ਅਗਵਾਈ ਹੇਠ ਮੋਹਾਲੀ ਨਗਰ ਨਿਗਮ ਚੋਣ ਲਡ਼ਨ ਦਾ ਐਲਾਨ

12

January

2021

ਐਸ ਏ ਐਸ ਨਗਰ, 12 ਜਨਵਰੀ ( ਗੁਰਪ੍ਰੀਤ ਸਿੰਘ ਤੰਗੌਰੀ) ਮੋਹਾਲੀ ਨਗਰ ਨਿਗਮ ਚੋਣਾਂ ਦੇ ਸ਼ਹਿਰ ਵਿੱਚ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਗਰੁੱਪ ਸਰਗਰਮ ਹੋ ਗਿਆ ਹੈ ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਸਾਬਕਾ ਕੌਂਸਲਰਾਂ ਨੇ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲਡ਼ਨ ਦਾ ਐਲਾਨ ਕਰ ਦਿੱਤਾ ਹੈ। ਇਸੇ ਸਬੰਧ ਵਿੱਚ ਇੱਕ ਵੱਡੀ ਗਿਣਤੀ ਸਾਬਕਾ ਕੌਂਸਲਰਾਂ ਅਤੇ ਕੁਝ ਨਵੇਂ ਉਮੀਦਵਾਰਾਂ ਵੱਲੋਂ ਸ੍ਰ. ਕੁਲਵੰਤ ਸਿੰਘ ਨਾਲ ਕੀਤੀ ਗਈ ਭਰ੍ਹਵੀਂ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਲਏ ਗਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰਾਂ ਨੇ ਦੱਸਿਆ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਮੋਹਾਲੀ ਨਗਰ ਨਿਗਮ ਚੋਣਾਂ ਸਰਦਾਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੀ ਲਡ਼ੀਆਂ ਜਾਣਗੀਆਂ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਰੱਖਿਆ ਅਤੇ ਬਿਨਾ ਕਿਸੇ ਲੋਭ ਲਾਲਚ ਤੋਂ ਸ਼ਹਿਰ ਮੋਹਾਲੀ ਵਿੱਚ ਵਿਕਾਸ ਕਾਰਜ ਕਰਵਾਏ ਅਤੇ ਉਨ੍ਹਾਂ ਦੀ ਦੇਖਰੇਖ ਹੇਠ ਸ਼ਹਿਰ ਮੋਹਾਲੀ ਨੇ ਵਿਕਾਸ ਕੀਤਾ। ਇਸ ਦੇ ਉਲਟ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਚੋਣ ਜਿੱਤ ਕੇ ਕੈਬਨਿਟ ਮੰਤਰੀ ਬਣੇ ਦੇ ਮੌਜੂਦਾ ਕਾਰਜਕਾਲ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਵਿੱਚ ਖਡ਼੍ਹਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਆਪਣੇ ਭਰਾ ਨੂੰ ਨਿਗਮ ਦਾ ਮੇਅਰ ਬਣਾਉਣ ਦੀ ਤਾਕ ਵਿੱਚ ਹਨ ਜਿਸ ਨੂੰ ਸ਼ਹਿਰ ਨਿਵਾਸੀ ਬੁਰੀ ਤਰ੍ਹਾਂ ਨਕਾਰ ਕੇ ਕੁਲਵੰਤ ਸਿੰਘ ਵੱਲੋਂ ਆਪਣੇ ਮੇਅਰ ਵਜੋਂ ਕਾਰਜਕਾਲ ਦੌਰਾਨ ਕੀਤੇ ਸਾਫ਼ ਸੁਥਰੇ ਕੰਮਾਂ ਉਤੇ ਮੁਹਰ ਲਗਾਉਣਗੇ। ਉਕਤ ਆਗੂਆਂ ਨੇ ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਗਰੁੱਪ ਨਾਲ ਸਬੰਧਿਤ ਉਮੀਦਵਾਰਾਂ ਨੂੰ ਹੀ ਜਿਤਾ ਕੇ ਅੱਗੇ ਲਿਆਉਣ ਤਾਂ ਜੋ ਮੋਹਾਲੀ ਸ਼ਹਿਰ ਵਿੱਚ ਸਾਫ਼ ਸੁਥਰੇ ਢੰਗ ਅਤੇ ਇਮਾਨਦਾਰੀ ਨਾਲ ਵਿਕਾਸ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਸ਼ਹਿਰ ਵਿੱਚ ਮਨਮਰਜ਼ੀਆਂ ਨੂੰ ਨਕੇਲ ਪਾਈ ਜਾ ਸਕੇ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਪਰਮਜੀਤ ਸਿੰਘ ਕਾਹਲੋਂ, ਗੁਰਮੁਖ ਸਿੰਘ ਸੋਹਲ, ਬੀਬੀ ਕੁਲਦੀਪ ਕੌਰ ਕੰਗ, ਰਮਨਪ੍ਰੀਤ ਕੌਰ ਕੁੰਭਡ਼ਾ, ਗੁਰਮੀਤ ਸਿੰਘ ਵਾਲੀਆ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਆਰ.ਪੀ. ਸ਼ਰਮਾ, ਸਰਬਜੀਤ ਸਿੰਘ, ਰਾਜਿੰਦਰ ਕੌਰ ਕੁੰਭਡ਼ਾ, ਗੁਰਮੀਤ ਕੌਰ, ਰਵਿੰਦਰ ਸਿੰਘ ਬਿੰਦਰਾ, ਜਸਪਾਲ ਸਿੰਘ ਮਟੌਰ, ਜਸਵੀਰ ਕੌਰ ਅਤਲੀ, ਅਵਤਾਰ ਸਿੰਘ ਵਾਲੀਆ, ਉਪਿੰਦਰਪ੍ਰੀਤ ਕੌਰ, ਰਜਨੀ ਗੋਇਲ, ਹਰਮਨਜੋਤ ਸਿੰਘ ਕੁੰਭਡ਼ਾ, ਹਰਮੇਸ਼ ਸਿੰਘ ਕੁੰਭਡ਼ਾ ਵੀ ਹਾਜ਼ਰ ਸਨ। ਇਸੇ ਦੌਰਾਨ ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਰਮੇਸ਼ ਪ੍ਰਕਾਸ਼ ਕੰਬੋਜ਼ ਨੇ ਸੰਦੇਸ਼ ਭੇਜ ਕੇ ਬਿਮਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਅੱਜ ਦੀ ਇਸ ਮੀਟਿੰਗ ਵਿਚ ਹਾਜ਼ਰ ਨਹੀਂ ਹੋ ਸਕੇ ਪ੍ਰੰਤੂ ਅੱਜ ਦੀ ਮੀਟਿੰਗ ਵਿੱਚ ਜੋ ਵੀ ਫ਼ੈਸਲਾ ਹੋਵੇਗਾ, ਉਸ ਨਾਲ ਸਹਿਮਤ ਹਨ।