ਨਗਰ ਨਿਗਮ ਲੁਧਿਆਣਾ ਅਧੀਨ 438 ਪਾਰਕ ਮੈਨੇਜਮੈਂਟ ਕਮੇਟੀਆਂ ਦੇ ਰਹਿੰਦੇ ਬਕਾਏ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰ ਦਿੱਤੇ ਜਾਣਗੇ ਕਲੀਅਰ - ਭਾਰਤ ਭੂਸ਼ਣ ਆਸ਼ੂ

04

January

2021

ਲੁਧਿਆਣਾ, 4 ਜਨਵਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਭਰੋਸਾ ਦਿੱਤਾ ਗਿਆ ਕਿ ਨਗਰ ਨਿਗਮ ਲੁਧਿਆਣਾ ਅਧੀਨ ਆਉਂਦੀਆਂ ਸਾਰੀਆਂ 438 ਪਾਰਕ ਮੈਨੇਜਮੈਂਟ ਕਮੇਟੀਆਂ (ਪੀ.ਐੱਮ.ਸੀ.) ਦੇ ਰਹਿੰਦੇ ਬਕਾਏ ਇੱਕ ਹਫ਼ਤੇ ਦੇ ਅੰਦਰ-ਅੰਦਰ ਕਲੀਅਰ ਕਰ ਦਿੱਤੇ ਜਾਣਗੇ। ਉਨ੍ਹਾਂ ਇਸ ਸਬੰਧੀ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਲੁਧਿਆਣਾ ਦੀਆਂ ਸਮੂਹ ਪਾਰਕ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ, ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਸ਼ਿਮਲਾਪੁਰੀ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਕੌਂਸਲਰ ਸ.ਹਰਭਜਨ ਸਿੰਘ ਡੰਗ, ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਸੰਨੀ ਭੱਲਾ, ਸ੍ਰੀ ਦਿਲਰਾਜ ਸਿੰਘ, ਸ੍ਰੀ ਹਰੀ ਸਿੰਘ ਬਰਾੜ, ਸ੍ਰੀ ਮਹਾਰਾਜ ਸਿੰਘ ਰਾਜੀ ਅਤੇ ਹੋਰ ਕਈ ਕੌਸਲਰ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਾਲ 1995 ਵਿੱਚ ਪੀ.ਐਮ.ਸੀ. ਕਮੇਟੀਆਂ ਦਾ ਗਠਨ ਹੋਇਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਅਧੀਨ ਕੁੱਲ 870 ਪਾਰਕ ਹਨ, ਜਿਨ੍ਹਾਂ ਵਿਚੋਂ 565 ਦਾ ਪ੍ਰਬੰਧਨ 438 ਪੀ.ਐਮ.ਸੀ. ਕਮੇਟੀਆਂ ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਸਾਰੀਆਂ ਪੀ.ਐਮ.ਸੀ. ਦੇ ਨੁਮਾਇੰਦਿਆਂ ਨੂੰ ਆਪਣੇ ਵਿਚਾਰਾਂ, ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਇਕ ਸਾਂਝੇ ਪਲੇਟਫਾਰਮ 'ਤੇ ਬੁਲਾਇਆ ਗਿਆ ਹੈ। ਉਨ੍ਹਾਂ ਸ਼ਹਿਰ ਵਿੱਚ ਹਰੇ ਭਰੇ ਵਾਤਾਵਰਣ ਨੂੰ ਵਧਾਉਣ ਵਿੱਚ ਪੀ.ਐਮ.ਸੀ. ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਐਮ.ਸੀ. ਬਣਾਉਣ ਦੇ ਨਾਲ ਸਾਡੇ ਸਮਾਜ ਦਾ ਸਮਾਜਿਕ ਤਾਣਾ-ਬਾਣਾ ਵੀ ਮਜ਼ਬੂਤ ੈੈਹੋਇਆ ਹੈ ਕਿਉਂਕਿ ਹਰ ਉਮਰ ਸਮੂਹ ਦੇ ਲੋਕ ਆਪਣੇ-ਆਪਣੇ ਪਾਰਕਾਂ ਦੇ ਪ੍ਰਬੰਧਨ ਵਿਚ ਯੋਗਦਾਨ ਪਾਉਂਦੇ ਹਨ ਅਤੇ ਅਜਿਹਾ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ਪੀ.ਐਮ.ਸੀ. ਦਰਮਿਆਨ ਮੁਕਾਬਲੇ ਕਰਵਾਉਣ ਸ਼ੁਰੂ ਕਰਨਗੇ ਅਤੇ ਸਭ ਤੋਂ ਵਧੀਆ ਸਾਂਭ-ਸੰਭਾਲ ਵਾਲੇ ਪਾਰਕਾਂ ਨੂੰ ਨਿਗਮ ਵੱਲੋਂ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਸਬੰਧਤ ਨਿਗਮ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਨਗਰ ਨਿਗਮ ਅਧੀਨ ਬਾਕੀ ਰਹਿੰਦੇ 305 ਪਾਰਕਾਂ ਦੀ ਸਾਂਭ ਸੰਭਾਲ ਵੀ ਪਾਰਕ ਮੈਨੇਜਮੈਂਟ ਕਮੇਟੀਆਂ ਦੁਆਰਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦਾ ਸਰਵਪੱਖੀ ਵਿਕਾਸ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੁੰਦਾ ਹੈ। ਪੀ.ਐਮ.ਸੀ. ਦੇ ਮੈਂਬਰਾਂ ਨਾਲ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਸ੍ਰੀ ਆਸ਼ੂ ਨੇ ਭਰੋਸਾ ਦਿੱਤਾ ਕਿ ਪੀ.ਐਮ.ਸੀ. ਦੁਆਰਾ ਦਿੱਤੇ ਗਏ ਸਾਰੇ ਜਾਇਜ਼ ਸੁਝਾਅ ਅਗਲੇ 2 ਮਹੀਨਿਆਂ ਦੇ ਅੰਦਰ-ਅੰਦਰ ਸੱਚੀ ਭਾਵਨਾ ਨਾਲ ਲਾਗੂ ਕਰ ਦਿੱਤੇ ਜਾਣਗੇ ਅਤੇ ਜੇ ਕਿਸੇ ਪੀ.ਐਮ.ਸੀ. ਕੋਲ ਕੁਝ ਹੋਰ ਸੁਝਾਅ ਵੀ ਹਨ ਤਾਂ ਉਹ ਉਨ੍ਹਾਂ ਨੂੰ ਨਿਗਮ ਕਮਿਸ਼ਨਰ ਕੋਲ ਲਿਖਤੀ ਰੂਪ ਵਿੱਚ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਪੀ.ਐਮ.ਸੀਜ਼. ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਕਾਂ ਦੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਰੀਚਾਰਜਿੰਗ ਲਈ ਆਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕੁਝ ਪਾਰਕਾਂ ਦੀ ਸ਼ਲਾਘਾ ਵੀ ਕੀਤੀ ਜਿੱਥੇ ਪਹਿਲਾਂ ਤੋਂ ਹੀ ਇਸ ਤਕਨੀਕ ਨੂੰ ਅਪਣਾਇਆ ਗਿਆ ਹੈ। ਪਾਰਕ ਮੈਨੇਜਮੈਂਟ ਕਮੇਟੀਆਂ ਦੇ ਬਕਾਏ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਬਿੱਲਾਂ ਦੀ ਦੋ ਹਫ਼ਤਿਆਂ ਦੇ ਅੰਦਰ-ਅੰਦਰ ਪ੍ਰਕਿਰਿਆ ਆਰੰਭੀ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ ’ਤੇ ਇਹ ਯਕੀਨੀ ਬਣਾਉਣਗੇ ਕਿ ਸਾਰੀਆਂ ਪੀ.ਐਮ.ਸੀਜ. ਨੂੰ 2.50 ਰੁਪਏ ਪ੍ਰਤੀ ਵਰਗ ਮੀਟਰ ਨਾਲ ਫੰਡ ਪ੍ਰਾਪਤ ਹੋਣਗੇ ਅਤੇ ਛੋਟੇ ਪਾਰਕਾਂ ਦੇ ਮਾਮਲੇ ਵਿਚ, ਨਗਰ ਨਿਗਮ ਇਕ ਵਿਸ਼ੇਸ਼ ਰਕਮ ਤੈਅ ਕਰਨ ਦੀ ਪ੍ਰਕਿਰਿਆ ਵਿਚ ਹੈ ਤਾਂ ਜੋ ਪਾਰਕ ਮੈਨੇਜਮੈਂਟ ਕਮੇਟੀਆਂ ’ਤੇ ਵਿੱਤੀ ਬੋਝ ਨਾ ਪਏ। ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਸਿੱਧਵਾਂ ਨਹਿਰ ਵਾਟਰਫ੍ਰੰਟ ਪ੍ਰੋਜੈਕਟ ਫੇਜ਼ 2 (ਜਵੱਦੀ ਪੁਲ ਤੋਂ ਦੁੱਗਰੀ ਪੁਲ ਤੱਕ) ਦਾ ਕੰਮ ਅਗਲੇ 15 ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਹ ਪ੍ਰਾਜੈਕਟ 6 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪੀ.ਐਮ.ਸੀ. ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਭਰੋਸਾ ਦਿੱਤਾ ਗਿਆ ਕਿ ਇਕ ਮਹੀਨੇ ਦੇ ਅੰਦਰ-ਅੰਦਰ ਲਗਭਗ ਸਾਰੇ ਪਾਰਕਾਂ ਵਿੱਚ ਆਊਟਡੋਰ ਜਿਮ ਵੀ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਹਰੇ ਭਰੇ ਵਾਤਾਵਰਣ ਨੂੰ ਵਧਾਉਣਾ ਹੈ ਅਤੇ ਇਸੇ ਲਈ ਉਨ੍ਹਾਂ ਦੀ ਟੀਮ ਸ਼ਹਿਰ ਵਿੱਚ ਖਾਲੀ ਥਾਵਾਂ ਦੀ ਭਾਲ ਕਰ ਰਹੀ ਹੈ ਜਿਥੇ ਗ੍ਰੀਨ ਬੈਲਟ ਵਿਕਸਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਕਈ ਥਾਵਾਂ ਤੇ ਗ੍ਰੀਨ ਬੈਲਟਸ ਤਿਆਰ ਕੀਤੀਆਂ ਗਈਆਂ ਹਨ ਂਿਜੱਥੇ ਕਦੇ ਕੂੜੇ ਦੇ ਡੰਪ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਹਰੇ ਭਰੇ ਵਾਤਾਵਰਣ ਨੂੰ ਵਧਾਉਣਾ ਉਨ੍ਹਾਂ ਦੀ ਪਹਿਲ ਹੈ ਅਤੇ ਸਾਰੇ ਵਸਨੀਕਾਂ ਨੂੰ ਇਸ ਉਪਰਾਲੇ ਵਿੱਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਡਾ. ਜੇ.ਐਸ.ਬਿਲਗਾ, ਜੋ ਨਗਰ ਨਿਗਮ ਦੇ ਬਾਗਬਾਨੀ ਵਿੰਗ ਵਿਚ ਕਾਰਜਕਾਰੀ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ ਅਤੇ 90 ਦਸਕ ਦੇ ਅਖੀਰ ਵਿਚ ਸ਼ਹਿਰ ਵਿਚ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਸੀ, ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਹ ਵੀ ਇੱਕ ਪੇਸ਼ਕਾਰੀ ਦਿੱਤੀ ਕਿ ਡਿੱਗੇ ਪੱਤੇ ਆਸਾਨੀ ਨਾਲ ਪਾਰਕਾਂ ਵਿੱਚ ਵਰਤਣ ਵਾਲੀ ਖਾਦ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ।