ਮਾਤਾ-ਪਿਤਾ ਦੇ ਬਿਨਾਂ ਸਾਡੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

30

December

2020

ਮਾਤਾ-ਪਿਤਾ ਦੇ ਬਿਨਾਂ ਸਾਡੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਇੱਥੇ ਸਨਾਤਨ ਧਰਮ ਵਿਚ ਮਾਤਾ ਨੂੰ ਧਰਤੀ ਤੋਂ ਵੱਡਾ ਅਤੇ ਪਿਤਾ ਨੂੰ ਆਕਾਸ਼ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਕਿਸੇ ਵਿਦਵਾਨ ਨੇ ਕਿਹਾ ਹੈ ਕਿ ਪਾਣੀ ਆਪਣਾ ਸੰਪੂਰਨ ਜੀਵਨ ਦੇ ਕੇ ਪੌਦੇ ਨੂੰ ਵੱਡਾ ਕਰਦਾ ਹੈ, ਇਸ ਲਈ ਸ਼ਾਇਦ ਉਹ ਕਦੇ ਵੀ ਲੱਕੜ ਨੂੰ ਡੁੱਬਣ ਨਹੀਂ ਦਿੰਦਾ। ਦੇਖਿਆ ਜਾਵੇ ਤਾਂ ਮਾਤਾ-ਪਿਤਾ ਦਾ ਵੀ ਇਹੀ ਸਿਧਾਂਤ ਹੈ। ਉਹ ਜੀਵਨ ਦੀ ਹਰੇਕ ਸਮੱਸਿਆ ਤੋਂ ਸਾਡੀ ਰੱਖਿਆ ਕਰਦੇ ਹਨ। ਸਾਡਾ ਵੀ ਫ਼ਰਜ਼ ਹੈ ਕਿ ਉਨ੍ਹਾਂ ਨੂੰ ਜੀਵਨ ਦਾ ਸਰਬੋਤਮ ਸਨਮਾਨ ਦੇਈਏ। ਸੰਸਾਰ ਵਿਚ ਮਾਤਾ-ਪਿਤਾ ਹੀ ਪ੍ਰਤੱਖ ਈਸ਼ਵਰ ਹਨ। ਜਿਸ ਤਰ੍ਹਾਂ ਈਸ਼ਵਰ ਕਲਿਆਣਕਾਰੀ ਹੁੰਦਾ ਹੈ, ਉਹ ਸਾਡੇ ਦੁੱਖਾਂ ਨੂੰ ਦੂਰ ਕਰਦਾ ਹੈ, ਉਸੇ ਤਰ੍ਹਾਂ ਮਾਤਾ-ਪਿਤਾ ਸਦਾ ਸਾਡੇ ਕਲਿਆਣ ਦੀ ਕਾਮਨਾ ਵਿਚ ਲੱਗੇ ਰਹਿੰਦੇ ਹਨ। ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਅੱਗੇ ਵੱਧਦੇ ਹੋਏ ਦੇਖਣਾ ਚਾਹੁੰਦੇ ਹਨ। ਉਹ ਜੋ ਵਚਨ ਬੋਲਦੇ ਹਨ, ਸਾਡੇ ਲਈ ਹਿਤਕਾਰੀ ਹੀ ਹੁੰਦੇ ਹਨ। ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ ਕਿ ‘ਮਾਤ-ਪਿਤਾ ਗੁਰੂ ਪ੍ਰਭੂ ਕੀ ਬਾਣੀ, ਬਿਨਹਿ ਵਿਚਾਰ ਕਰਿਏ ਸ਼ੁਭ ਜਾਨੀ।’ ਅਰਥਾਤ ਮਾਤਾ-ਪਿਤਾ ਦੇ ਵਚਨਾਂ ਦੀ ਸਦਾ ਸ਼ੁਭ ਮੰਨ ਕੇ ਪਾਲਣਾ ਕਰਨੀ ਚਾਹੀਦੀ ਹੈ। ਮਾਤਾ-ਪਿਤਾ ਦੀ ਸੇਵਾ ਨਾਲ ਸਾਡੀ ਉਮਰ, ਗਿਆਨ, ਜਸ ਅਤੇ ਤਾਕਤ ਵੱਧਦੇ ਹਨ। ਪਰ ਮੌਜੂਦਾ ਯੁੱਗ ਵਿਚ ਕੁਝ ਲੋਕਾਂ ਨੇ ਇਸ ਰਿਸ਼ਤੇ ਨੂੰ ਜੀਵਨ ਵਿਚ ਅੱਗੇ ਵਧਣ ਦੀ ਪੌੜੀ ਬਣਾ ਲਿਆ ਹੈ। ਅੱਜ ਮਾਤਾ-ਪਿਤਾ ਨਾਲ ਸਵਾਰਥ ਮੁਤਾਬਕ ਸਬੰਧ ਰੱਖੇ ਜਾਂਦੇ ਹਨ। ਮਾਪੇ ਕਦੇ ਵੀ ਉਮਰ ਦੀ ਵਜ੍ਹਾ ਕਾਰਨ ਬੁੱਢੇ ਅਤੇ ਬੇਆਸਰੇ ਨਹੀਂ ਹੁੰਦੇ ਸਗੋਂ ਔਲਾਦ ਦੇ ਗ਼ਲਤ ਆਚਰਨ ਕਾਰਨ ਬੁੱਢੇ ਅਤੇ ਲਾਚਾਰ ਹੋ ਜਾਂਦੇ ਹਨ। ਉਨ੍ਹਾਂ ਨਾਲ ਕੀਤੇ ਗਏ ਗ਼ਲਤ ਆਚਰਨ ਅਤੇ ਅਣਦੇਖੀ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਅਤਿਅੰਤ ਠੇਸ ਪੁੱਜਦੀ ਹੈ ਪਰ ਉਸ ਦੇ ਬਾਵਜੂਦ ਉਹ ਆਪਣੀ ਸੰਤਾਨ ਨੂੰ ਆਸ਼ੀਰਵਾਦ ਦਿੰਦੇ ਰਹਿੰਦੇ ਹਨ ਅਤੇ ਉਸ ਦਾ ਭਲਾ ਮੰਗਦੇ ਰਹਿੰਦੇ ਹਨ। ਅਸੀਂ ਨਹੀਂ ਚਾਹੇ ਕਿੰਨੇ ਵੀ ਖ਼ੁਸ਼ਹਾਲ ਹੋ ਜਾਈਏ, ਮਾਤਾ-ਪਿਤਾ ਦੇ ਬਿਨਾਂ ਸਾਡਾ ਕੋਈ ਆਧਾਰ ਨਹੀਂ ਹੈ। ਮਾਤਾ-ਪਿਤਾ ਉਸ ਰੁੱਖ ਦੇ ਸਮਾਨ ਹਨ ਜੋ ਚਾਹੇ ਜਿੰਨਾ ਮਰਜ਼ੀ ਬੁੱਢਾ ਹੋ ਜਾਵੇ ਪਰ ਸਾਨੂੰ ਤਾਉਮਰ ਛਾਂ ਦਿੰਦਾ ਰਹੇਗਾ। ਲਿਹਾਜ਼ਾ ਉਨ੍ਹਾਂ ਦੀ ਸੇਵਾ ਤੋਂ ਵੱਡਾ ਨਾ ਕੋਈ ਧਰਮ ਹੈ, ਕੋਈ ਪੂਜਾ। ਉਹ ਹੋਰ ਥੁੜ੍ਹਾਂ, ਤੰਗੀਆਂ ਤਾਂ ਬਰਦਾਸ਼ਤ ਕਰ ਸਕਦੇ ਹਨ, ਪਿਆਰ ਦੀ ਭੁੱਖ ਨਹੀਂ ਸਹਾਰ ਸਕਦੇ। ਸੋ ਮਾਪਿਆਂ ਦਾ ਅਦਬ ਕਰੋ। J ਵਿਜੈ ਗਰਗ ਸਾਬਕਾ ਪਿ੍ਰੰਸੀਪਲ