ਜਲ ਜੀਵਨ ਮਿਸ਼ਨ ਤਹਿਤ ਘਰ ਘਰ ਸ਼ੁੱਧ ਪਾਣੀ ਦੇ ਕੁਨੈਕਸ਼ਨ ਯਕੀਨੀ ਬਣਾਏ ਜਾਣ: ਤੇਜ ਪ੍ਰਤਾਪ ਸਿੰਘ ਫੂਲਕਾ

18

December

2020

ਬਰਨਾਲਾ, 18 ਦਸੰਬਰ (ਬਲਜਿੰਦਰ ਸਿੰਘ ਚੋਹਾਨ, ਗੋਪਾਲ ਮਿੱਤਲ) ਜਲ ਜੀਵਨ ਮਿਸ਼ਨ ਤਹਿਤ ਕਮਿਊਨਿਟੀ ਇਮਾਰਤਾਂ ਤੋਂ ਇਲਾਵਾ ਘਰ ਘਰ ਸ਼ੁੱਧ ਪਾਣੀ ਦੇ ਕੁਨੈਕਸ਼ਨ ਯਕੀਨੀ ਬਣਾਏ ਜਾਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਵੱਖ ਵੱਖ ਵਿਭਾਗਾਂ ਨਾਲ ਮਹੀਨਾਵਾਰ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿÎਭਾਗ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਵਿਭਾਗ ਸਣੇ ਹੋਰ ਵਿÎਭਾਗਾਂ ਨਾਲ ਮੀਟਿੰਗ ਦੌਰਾਨ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਕਿਰਨ ਸ਼ਰਮਾ, ਐਸਡੀਐਮ ਸ੍ਰੀ ਵਰਜੀਤ ਵਾਲੀਆ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜਿੱਥੇ ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡਾਂ ਵਿਚ ਘਰ ਘਰ ਸ਼ੁੱਧ ਪਾਣੀ ਦੇ ਕੁਨੈਕਸ਼ਨ ਯਕੀਨੀ ਬਣਾਏ ਜਾਣ, ਉਥੇ ਸ਼ਹਿਰੀ ਖੇਤਰਾਂ ਦੀਆਂ ਕਮਿਊਨਿਟੀ ਇਮਾਰਤਾਂ ਵਿਚ ਕਾਰਜਸਾਧਕ ਅਫਸਰਾਂ ਵੱਲੋਂ ਇਹ ਕੁਨੈਕਸ਼ਨ ਯਕੀਨੀ ਬਣਾਏ ਜਾਣ। ਇਸ ਮੌਕੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸੈਕੰਡਰੀ ਸਿੱਖਿਆ ਅਧੀਨ 6 ਮਾਪਦੰਡਾਂ ਦੇ ਆਧਾਰ ’ਤੇ 115 ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਗਿਆ ਹੈ ਤੇ ਹੁਣ 20 ਮਾਪਦੰਡਾਂ ਦੇ ਆਧਾਰ ’ਤੇ ਸਕੂਲਾਂ ਨੂੰ ਸਮਾਰਟ ਬਣਾਇਆ ਜਾਣਾ ਹੈ। ਡਿਪਟੀ ਡੀਈਓ (ਐਲੀਮੈਂਟਰੀ) ਮੈਡਮ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਨੂੰ ਸਾਲ 2020-21 ਦੀ ਤੀਜੀ ਤਿਮਾਹੀ ਦੀ ਅਨਾਜ ਦੀ ਐਲੋਕੇਸ਼ਨ ਹੋ ਗਈ ਹੈ, ਜੋ ਸਬੰਧਤ ਸਕੂਲਾਂ ਨੂੰ ਸਪਲਾਈ ਕਰ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਘਰ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਕਿੰਗ ਲਾਗਤ ਵਜੋਂ 1 ਕਰੋੜ 28 ਲੱਖ 61 ਹਜ਼ਾਰ ਰੁਪਏ ਪ੍ਰਾਪਤ ਹੋਏ ਸਨ, ਜੋ ਵਿਦਿਆਰਥੀਆਂ ਜਾਂ ਮਾਪਿਆਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਜਾ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਨੂੰ ਪਾਣੀ ਦੇ ਕੁਨੈਕਸ਼ਨ ਦਿਵਾਉਣ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਧੀਨ ਜਾਗਰੂਕਤਾ ਗਤੀਵਿਧੀਆਂ ਵਿਚ ਕੋਵਿਡ ਤੋਂ ਬਾਅਦ ਹੁਣ ਮੁੜ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦਿਵਿਆਂਗਾਂ ਨੂੰ ਯੂਡੀਆਈਡੀ ਕਾਰਡਾਂ ਲਈ ਲੱਗਣ ਵਾਲੇ ਕੈਂਪਾਂ ਬਾਰੇ ਜਾਗਰੂਕ ਕਰਨ ਲਈ ਦਫਤਰ ਸਮਾਜਿਕ ਸੁਰੱਖਿਆ ਅਫਸਰ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਬਲਾਕਾਂ ਵਿਚ ਕੈਂਪ ਲਾਏ ਜਾਣੇ ਹਨ, ਜਿਸ ਦਾ ਯੋਗ ਵਿਅਕਤੀ ਜ਼ਰੂਰ ਲਾਭ ਲੈਣ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ. ਚਰਨਜੀਤ ਸਿੰਘ ਕੈਂਥ ਨੇ ਫਸਲੀ ਵਿਭਿੰਨਤਾ ਅਤੇ ਖੇਤੀ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਿਆ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ, ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ ਤੇ ਹੋਰ ਵਿਭਾਗਾਂ ਨੇ ਸਕੀਮਾਂ ਦੀ ਪ੍ਰਗਤੀ ਦੱਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਸਡੀਓ ਔਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪਲਾਸਟਿਕ ਵਿਰੁੱਧ ਮੁਹਿੰਮ ਤਹਿਤ ਅਪਰੈਲ 2020 ਮਗਰੋਂ ਨਗਰ ਕੌਂਸਲ ਬਰਨਾਲਾ ਵਿਚ 7 ਚੈਕਿੰਗਜ਼, ਭਦੌੜ ਵਿਚ 15, ਧਨੌਲੇ ਵਿਚ 4, ਹੰਡਿਆਇਆ ਵਿਚ 10 ਤੇ ਤਪੇ ਵਿਚ 23 ਚੈਕਿੰਗਜ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀਆਂ ਗਈਆਂ ਹਨ, ਜਿਸ ਦੌਰਾਨ 1300 ਹਜ਼ਾਰ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਦੌਰਾਨ ਬਰਨਾਲੇ ਵਿਚੋੋਂ 475 ਕਿਲੋ ਪਲਾਸਟਿਕ ਦੇ ਲਿਫਾਫੇ, ਭਦੌੜ ’ਚੋਂ 20 ਕਿਲੋ, ਧਨੌਲੇ ਵਿਚੋਂ 25 ਕਿਲੋ, ਹੰਡਿਆਇਆ ਵਿਚੋਂ 43 ਕਿਲੋ ਤੇ ਤਪੇ ਵਿਚੋਂ 40 ਕਿਲੋ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ ਹਨ।