ਦਿੱਲੀ ’ਚ ਪ੍ਰਦੂਸ਼ਣ: ਹਾਈ ਕੋਰਟ ਵੱਲੋਂ ਦਿੱਲੀ ਤੇ ਕੇਂਦਰ ਨੂੰ ਰਿਪੋਰਟ ਤਿਆਰ ਕਰਨ ਦੇ ਹੁਕਮ

18

October

2018

ਨਵੀਂ ਦਿੱਲੀ, ਰਾਵਣ ਦੇ ਪੁਤਲੇ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ਦਿੱਲੀ ਵਿੱਚ ਠੰਢ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਦੂਸ਼ਣ ਵੱਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੌਰਾਨ ਦਸਹਿਰਾ ਤੇ ਦੀਵਾਲੀ ਵਰਗੇ ਵੱਡੇ ਤਿਓਹਾਰ ਵੀ ਆਉਂਦੇ ਹੈ। ਇਸ ਲਈ ਦਿੱਲੀ ਹਾਈ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਦਸਹਿਰੇ ਦੌਰਾਨ ਸਾੜੇ ਜਾਣ ਵਾਲੇ ਰਾਵਣ ਦੇ ਪੁਤਲਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੇ ਕਮੇਟੀ ਬਣਾ ਕੇ ਰਿਪੋਰਟ ਤਿਆਰ ਕਰੇ। ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਦਿੱਲੀ ਵਿੱਚ ਦੀਵਾਲੀ ਦਸਹਿਰੇ ਦੌਰਾਨ ਪਟਾਕਿਆਂ ਨਾਲ ਹੋਣ ਵਾਲਾ ਪ੍ਰਦੂਸ਼ਣ ਅੱਗ ਵਿੱਚ ਘਿਓ ਦਾ ਕੰਮ ਕਰਦਾ ਹੈ। ਇਹੀ ਵਜ੍ਹਾ ਹੈ ਕਿ ਦਿੱਲੀ ਹਾਈ ਕੋਰਟ ਨੇ ਦਿੱਲੀ ਤੇ ਕੇਂਦਰ ਸਰਕਾਰ ਨੂੰ ਇੱਕ ਕਮੇਟੀ ਬਣਾਉਣ ਦਾ ਹੁਕਮ ਦਿੱਤਾ ਹੈ ਜੋ ਇਹ ਤੈਅ ਕਰੇ ਕਿ ਤਿੰਨ-ਚਾਰ ਮਹੀਨਿਆਂ ਦੌਰਾਨ ਠੰਢ ਵਿੱਚ ਪ੍ਰਦੂਸ਼ਣ ’ਤੇ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ। ਦਿੱਲੀ ਹਾਈ ਕੋਰਟ ਅੱਜ ਹਵਾ ਪ੍ਰਦੂਸ਼ਣ ਨਾਲ ਜੁੜੀ ਉਸ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਰਾਜ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਤੇ ਏਜੰਸੀ ਨੂੰ ਰੋਕ ਦੀ ਮੰਗ ਕੀਤੀ ਗਈ ਹੈ। ਕੋਰਟ ਨੇ ਦੱਸਿਆ ਕਿ ਦੁਸਹਿਰੇ ਦੌਰਾਨ ਹੀ ਦਿੱਲੀ ਵਿੱਚ ਕਰੀਬ ਦੱਸ ਹਜ਼ਾਰ ਰਾਵਣ ਦੇ ਪੁਤਲੇ ਸਾੜੇ ਜਾਂਦੇ ਹੈ, ਪੁਤਲਿਆਂ ਵਿੱਚ ਵੱਡੀ ਗਿਣਤੀ ਵਿੱਚ ਪਟਾਕੇ ਵੀ ਹੁੰਦੇ ਹਨ ਜਿਸ ਨਾਲ ਦਸਹਿਰੇ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਂਦਾ ਹੈ। ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਦੁਸਹਿਰੇ ਦਾ ਤਿਓਹਾਰ ਬਹੁਤ ਨੇੜੇ ਹੋਣ ਕਰਕੇ ਇਸ ਸਾਲ ਕੁਝ ਨਹੀਂ ਕੀਤਾ ਜਾ ਸਕਦਾ ਪਰ 2019 ਨੂੰ ਕੇਂਦਰ ਤੇ ਦਿੱਲੀ ਸਰਕਾਰ ਵੱਲੋਂ ਹੱਲ ਕੱਢਿਆ ਜਾਵੇ। 22 ਨਵੰਬਰ ਤੋਂ ਪਹਿਲਾਂ ਇੱਕ ਕਮੇਟੀ ਬਣਾ ਕੇ ਪ੍ਰਦੂਸ਼ਣ ਫੈਲਾਉਣ ਦੇ ਮੁੱਖ ਕਾਰਨਾਂ ਦਾ ਪਤਾ ਲਾਉਣਾ ਹੋਵੇਗਾ।